Edition No: 2739
ਜਿਸ ਜਗਾ ਤੋਂ ਉਹ ਗਾਇਬ ਹੋਇਆ ਸੀ ਉਸ ਤੋਂ 200 ਫੁੱਟ ਦੂਰ ਹੀ ਉਹ ਡਿੱਗਾ ਪਿਆ ਮਿਲਿਆ ਸੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਯੁਨੀਵਰਸਿਟੀ ਆਫ ਇਲੀਨੋਇਸ, ਉਰਬਾਨਾ ਦੇ ਫਸਟ ਯੀਅਰ ਦੇ 18 ਸਾਲਾ ਭਾਰਤੀ ਵਿਦਿਆਰਥੀ ਅਕੁਲ ਧਵਨ ਜਿਸ ਦੀ ਇਸ ਸਾਲ 20 ਜਨਵਰੀ ਨੂੰ ਮੌਤ ਹੋ ਗਈ ਸੀ, ਸਬੰਧੀ ਚੈਂਪੇਨ ਕਾਊਂਟੀ ਕੋਰੋਨਰ ਦਫਤਰ, ਇਲੀਨੋਇਸ ਨੇ ਕਿਹਾ ਹੈ ਕਿ ਵਧੇਰੇ ਸ਼ਰਾਬ ਤੇ ਠੰਡ ਦੇ ਸਿੱਟੇ ਵਜੋਂ ਹਾਈਪੋਥਰਮੀਆ ਉਸ ਦੀ ਮੌਤ ਦਾ ਕਾਰਨ ਬਣਿਆ।

ਕੋਰੋਨਰ ਦਫਤਰ ਨੇ ਟੌਕਸੀਕਾਲੋਜੀ ਰਿਪੋਰਟ ਆਉਣ ਤੋਂ ਬਾਅਦ ਕਿਹਾ ਹੈ ਕਿ ਵਧੇਰੇ ਨਸ਼ਾ ਤੇ ਲੰਬਾ ਸਮਾਂ ਜਮਾ ਵਾਲੇ ਤਾਪਮਾਨ ਵਿਚ ਪਏ ਰਹਿਣ ਕਾਰਨ ਧਵਨ ਜੀਂਦਾ ਨਹੀਂ ਰਹਿ ਸਕਿਆ। ਸੀ ਸੀ ਟੀ ਵੀ ਅਨੁਸਾਰ ਧਵਨ ਤੇ ਉਸ ਦੇ ਦੋਸਤਾਂ ਨੇ ਯੁਨੀਵਰਸਿਟੀ ਕੈਂਪਸ ਨੇੜੇ ਇਕ ਕਲੱਬ ਵਿਚ ਸ਼ਰਾਬ ਪੀਤੀ ਸੀ। ਰਾਤ 11.30 ਵਜੇ ਦੇ ਆਸ ਪਾਸ ਉਹ ਦੁਬਾਰਾ ਕੈਨੋਪਾਈ ਕਲੱਬ ਵਿਚ ਗਏ ਜਿਥੇ ਉਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਕੰਸਾਸ ਸਿਟੀ ਪ੍ਰਸ਼ਾਸਨ ਨੇ ਜਾਂਚਕਾਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਧਵਨ ਨੇ ਕਈ ਵਾਰ ਕਲੱਬ ਵਿਚ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਸਟਾਫ ਨੇ ਇਨਕਾਰ ਕਰ ਦਿੱਤਾ। ਉਸ ਲਈ ਦੋ ਵਾਰ ਗੱਡੀ ਮੰਗਵਾਈ ਗਈ ਪਰ ਉਸ ਨੇ ਉਨਾਂ ਵਿਚ ਬੈਠਣ ਤੋਂ ਨਾਂਹ ਕਰ ਦਿੱਤੀ ਸੀ। ਯੁਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਧਵਨ ਦਾ ਇਕ ਦੋਸਤ ਉਸੇ ਦਿਨ ਅੱਧੀ ਰਾਤ ਬਾਅਦ 1.23 ਵਜੇ ਸਵੇਰੇ ਕੈਂਪਸ ਪੁਲਿਸ ਕੋਲ ਗਿਆ ਸੀ ਤੇ ਉਸ ਨੇ ਧਵਨ ਦੇ ਲਾਪਤਾ ਹੋਣ ਬਾਰੇ ਦਸਿਆ ਸੀ।

ਇਸ ਉਪਰੰਤ ਪੁਲਿਸ ਨੇ ਆਸ ਪਾਸ ਧਵਨ ਦੀ ਭਾਲ ਕੀਤੀ ਪਰੰਤੂ ੳਹ ਨਹੀਂ ਮਿਲਿਆ। ਅਗਲੇ ਦਿਨ ਸਵੇਰੇ 11 ਵਜੇ ਕਲੱਬ ਤੋਂ ਥੋਹੜੀ ਦੂਰ  ਇਕ ਇਮਾਰਤ ਦੇ ਪਿੱਛੇ ਉਹ ਮ੍ਰਿਤਕ ਹਾਲਤ ਵਿਚ ਮਿਲਿਆ ਸੀ। ਧਵਨ ਦੇ ਮਾਪਿਆਂ ਇਸ਼ ਤੇ ਰੀਤੂ ਧਵਨ ਨੇ ਇਕ ਖੁਲਾ ਪੱਤਰ ਲਿਖ ਕੇ ਯੁਨੀਵਰਸਿਟੀ ਅਧਿਕਾਰੀਆਂ ‘ਤੇ ਦੋਸ਼ ਲਾਇਆ ਹੈ ਕਿ ਉਨਾਂ ਨੇ ਧਵਨ ਦੇ ਲਾਪਤਾ ਹੋਣ ਉਪਰੰਤ ਤੁਰੰਤ ਕਾਰਵਾਈ ਨਹੀਂ ਕੀਤੀ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ ਤਾਂ ਧਵਨ ਬਚ ਸਕਦਾ ਸੀ ਕਿਉਂਕਿ ਜਿਸ ਜਗਾ ਤੋਂ ਉਹ ਗਾਇਬ ਹੋਇਆ ਸੀ ਉਸ ਤੋਂ 200 ਫੁੱਟ ਦੂਰ ਹੀ ਉਹ ਡਿੱਗਾ ਪਿਆ ਮਿਲਿਆ ਸੀ।