ਅਮਰੀਕਾ ਵਿਚ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਅਫਸਰ ਨੂੰ ਦੋਸ਼ ਮੁਕਤ ਐਲਾਨਿਆ, ਨਹੀਂ ਚੱਲੇਗਾ ਮੁਕੱਦਮਾ

ਹਾਦਸੇ ਸਮੇ ਗੱਡੀ ਦੀ ਰਫਤਾਰ 74 ਮੀਲ ਪ੍ਰਤੀ ਘੰਟਾ ਸੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਇਸ ਸਾਲ 23 ਜਨਵਰੀ ਨੂੰ ਵਾਪਰੇ ਦੁੱਖਦਾਈ ਹਾਦਸੇ ਜਿਸ ਵਿਚ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਦੀ ਸਿਆਟਲ ਪੁਲਿਸ ਦੀ ਗੱਡੀ ਹੇਠਾਂ ਆ ਕੇ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਪੁਲਿਸ ਅਫਸਰ ਕੈਵਿਨ ਡੇਵ ਜੋ ਗੱਡੀ ਚਲਾ ਰਿਹਾ ਸੀ, ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਹੈ ।

ਹਾਦਸੇ ਦੀ ਗੰਭੀਰਤਾ ਦੇ ਬਾਵਜੂਦ ਕਿੰਗ ਕਾਊਂਟੀ ਦੇ ਪ੍ਰਾਸੀਕਿਊਟਰ ਦਫਤਰ ਨੇ ਐਲਾਨ ਕੀਤਾ ਹੈ ਕਿ  ਸਬੂਤਾਂ ਦੀ ਘਾਟ ਕਾਰਨ ਵਾਸ਼ਿੰਗਟਨ ਸਟੇਟ ਕਾਨੂੰਨ ਤਹਿਤ  ਡੇਵ ਵਿਰੁੱਧ ਅਪਰਾਧਕ ਦੋਸ਼ ਆਇਦ ਨਹੀਂ ਕੀਤੇ ਜਾਣਗੇ। ਹਾਦਸੇ ਸਮੇ ਗੱਡੀ ਦੀ ਰਫਤਾਰ 74 ਮੀਲ ਪ੍ਰਤੀ ਘੰਟਾ ਸੀ ਤੇ ਸਮਝਿਆ ਜਾਂਦਾ ਹੈ ਕਿ ਇਹ ਹਾਦਸਾ ਤੇਜ ਰਫਤਾਰ ਕਾਰਨ ਵਾਪਰਿਆ ਸੀ ਜਿਸ ਕਾਰਨ ਜਾਹਨਵੀ ਕਈ ਫੁੱਟ ਦੂਰ ਜਾ ਡਿੱਗੀ ਸੀ ਤੇ ਉਸ ਦੀ ਮੌਤ ਹੋ ਗਈ ਸੀ।

ਡੇਵ ਵਿਰੁੱਧ ਮੁਕੱਦਮਾ ਨਾ ਚਲਾਉਣ ਦੇ ਨਿਰਨੇ ਕਾਰਨ ਜਿਥੇ ਭਾਰਤੀ ਭਾਈਚਾਰੇ ਵਿਚ ਰੋਸ ਹੈ ਉਥੇ ਲਾਅ ਇਨਫੋਰਸਮੈਂਟ ਅਫਸਰਾਂ ਦੀ ਸ਼ਮੂਲੀਅਤ ਵਾਲੇ ਮਾਮਲਿਆਂ ਵਿਚ ਜਿੰਮੇਵਾਰੀ ਤੈਅ ਕਰਨ ਨੂੰ ਲੈ ਕੇ ਵੀ ਚਿੰਤਾ ਪਾਈ ਜਾ ਰਹੀ ਹੈ। ਜਾਹਨਵੀ ਨਾਰਥਈਸਟਰਨ ਯੁਨੀਵਰਸਿਟੀ ਦੇ ਸਿਆਟਲ ਕੈਂਪਸ ਵਿਚ ਮਾਸਟਰ ਡਿਗਰੀ ਕਰ ਰਹੀ ਸੀ।

Comments are closed, but trackbacks and pingbacks are open.