65 ਹਜ਼ਾਰ ਪੌਂਡ ਦੀ ਰੇਂਜ ਰੋਵਰ ਵਾਪਸ ਲੈਣ ਬਾਅਦ ਚੋਰ ਕੀਤੇ ਪੁਲਿਸ ਹਵਾਲੇ
ਸਾਊਥਾਲ – ਇੱਥੋਂ ਦੀ ਸਕੋਟਸ ਰੋਡ ਸਥਿੱਤ ਮਸ਼ਹੂਰ ਪੱਬ ਅਤੇ ਰੈਸਟੋਰੈਂਟ ਸਕੋਟਸਮੈਨ ਦੇ ਮਾਲਕ ਪਿਓ ਪੁੱਤਰ ਨੇ ਸ਼ੁੱਕਰਵਾਰ 15 ਸਤੰਬਰ ਨੂੰ ਆਪਣੇ ਘਰ ਮੂਹਰਿਓਂ ਚੋਰੀ ਹੋਈ ਰੇਂਜ ਰੋਵਰ ਨੂੰ ਚੋਰਾਂ ਦਾ ਲੰਬਾ ਪਿੱਛਾ ਕਰਕੇ ਵਾਪਸ ਹਾਸਲ ਕਰਨ ਬਾਅਦ ਚੋਰਾਂ ਨੂੰ ਪੁਲਿਸ ਹਵਾਲੇ ਕਰਨ ਦਾ ਬਹਾਦਰੀ ਭਰਿਆ ਕਾਰਨਾਮਾ ਕਰ ਵਿਖਾਇਆ।
ਸਕੋਟਸਮੈਨ ਪੱਬ ਦੇ ਮਾਲਕ ਸੁਰਿੰਦਰ ਸਿੰਘ ਮਾਹਲ ਉਰਫ਼ ਸ਼ਿੰਦਾ ਨੇ ਦੱਸਿਆ ਕਿ ਸ਼ੁੱਕਰਵਾਰ 15 ਸਤੰਬਰ 2033 ਨੂੰ ਤੜਕਸਾਰ ਪੌਣੇ 4 ਵਜੇ ਉਨ੍ਹਾਂ ਦੀ ਸੁਪਤਨੀ ਨੇ ਘਰ ਦੇ ਡਰਾਈਵੇਅ ਵਿਚ ਖੜ੍ਹੀ ਰੇਂਜ ਰੋਵਰ ਦੀ ਆਹਟ ਸੁਣੀ ਤਦ ਸੁਰਿੰਦਰ ਮਾਹਲ ਅਤੇ ਉਨ੍ਹਾਂ ਦਾ ਬੇਟਾ ਸਿਮਰਜੀਤ ਸਿੰਘ ਮਾਹਲ ਘਰ ਤੋਂ ਬਾਹਰ ਨਿਕਲੇ ਤੱਦ ਨੂੰ ਚੋਰ ਗੱਡੀ ਚੋਰੀ ਕਰਕੇ ਜਾ ਰਹੇ ਸਨ।
ਸ਼ਿੰਦਾ ਮਾਹਲ ਨੇ ਤੁਰੰਤ ਆਪਣੀ ਇਕ ਹੋਰ ਗੱਡੀ ਵਿੱਚ ਆਪਣੇ ਪੁੱਤਰ ਸਿਮਰਜੀਤ ਸਮੇਤ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚੋਰਾਂ ਨੇ ਸਾਊਥਾਲ ਦੀ ਇੰਟਰਨੈਸ਼ਨਲ ਮਾਰਕਿਟ ਤੋਂ ਬਾਈਪਾਸ ਰਾਹੀਂ ਏ40 ’ਤੇ ਗੱਡੀ ਪਾ ਲਈ ਜਿਸ ਦੀ ਰਫ਼ਤਾਰ ਬਹੁਤ ਤੇਜ਼ ਸੀ ਪਰ ਪਿਓ ਪੁੱਤਰ ਨੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਦਿਆਂ ਪੁਲਿਸ ਨੂੰ ਵੀ ਇਤਲਾਹ ਕਰ ਦਿੱਤੀ ਜਿਸ ਬਾਅਦ ਪੁਲਿਸ ਨੇ ਚੋਰਾਂ ਨੂੰ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਚੋਰ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ।
ਆਖ਼ਿਰ ਸ਼ਿੰਦਾ ਮਾਹਲ ਨੇ ਆਪਣੀ ਗੱਡੀ ਦੀ ਰੇਂਜ ਰੋਵਰ ਵਿੱਚ ਟੱਕਰ ਮਾਰੀ ਅਤੇ ਪੁਲਿਸ ਨੇ ਵੀ ਰੇਂਜ ਰੋਵਰ ਦੇ ਟਾਇਰ ਪੈਂਚਰ ਕਰ ਦਿੱਤੇ ਜਿਸ ਬਾਅਦ ਪਿਓ ਪੁੱਤਰ ਨੇ ਤਿੰਨ ਚੋਰਾਂ ਨੂੰ ਗੱਡੀ ਵਿਚੋਂ ਕੱਢ ਕੇ ਢਾਹ ਲਿਆ ਅਤੇ ਚੋਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਨੇ ਚੋਰਾਂ ਨੂੰ ਹਿਰਾਸਤ ਵਿਚ ਲੈਣ ਬਾਅਦ ਮਾਹਲ ਪਿਓ ਪੁੱਤਰ ਵਲੋਂ ਕੀਤੇ ਬਹਾਦਰੀ ਭਰੇ ਕਾਰਨਾਮੇ ਦੀ ਪ੍ਰਸੰਸਾ ਕਰਦਿਆਂ ਚੋਰਾਂ ਨੂੰ ਜੇਲ੍ਹ ਕਰਵਾਉਣ ਦਾ ਭਰੋਸਾ ਦਿਵਾਇਆ। ਸ਼ਿੰਦਾ ਮਾਹਲ ਨੇ ਦੱਸਿਆ ਕਿ ਬਾਅਦ ਵਿੱਚ ਘਰ ਦੇ ਬਾਹਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਘੋਖ ਕਰਦਿਆਂ ਸਾਹਮਣੇ ਆਇਆ ਕਿ ਤੜਕੇ ਕਰੀਬ ਪੌਣੇ 2 ਵਜੇ ਕੋਈ ਬੰਦਾ ਗੱਡੀ ਨੂੰ ਖੋਲ੍ਹ ਗਿਆ ਸੀ ਜਿਸ ਬਾਅਦ ਚੋਰਾਂ ਨੇ ਚੋਰੀ ਨੂੰ ਅੰਜ਼ਾਮ ਦਿੱਤਾ ਪਰ ਮਾਹਲ ਪਿਓ ਪੁੱਤਰ ਨੇ ਕਰੀਬ 5 ਮੀਲ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਢਾਹ ਲਿਆ ਗਿਆ।
ਸ਼ਿੰਦਾ ਮਾਹਲ ਦੀ ਇਸ ਦਲੇਰੀ ਨੂੰ ਜਿੱਥੇ ਸਕੋਟਸਮੈਨ ਪੱਬ ਦੇ ਗਾਹਕ ਸਰਾਹ ਰਹੇ ਹਨ ਉੱਥੇ ਹੀ ਉਨ੍ਹਾਂ ਦੇ ਦੋਸਤਾਂ ਰੇਸ਼ਮ ਸੋਹਲ, ਅਮਨ ਨਿੱਜਰ, ਬਲਦੇਵ ਮੰਡੇਰ, ਬਿੱਲਾ ਬੋਪਾਰਾਏ, ਹਰਜਿੰਦਰ ਸਿੰਘ ਟਰੱਕ, ਪ੍ਰਮਿੰਦਰ ਸਿੰਘ ਅਤੇ ਢਿੱਲੋਂ ਸਮੇਤ ਸਮੂਹ ਦੋਸਤਾਂ ਨੇ ਪ੍ਰਸੰਸਾ ਕੀਤੀ ਗਈ ਹੈ।
Comments are closed, but trackbacks and pingbacks are open.