ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਗਲਾਸਗੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸਵਰਗਵਾਸੀ ਕੇਵਲ ਸਿੰਘ ਗੋਸਲ, ਸ੍ਰੀਮਤੀ ਬਲਵੀਰ ਕੌਰ ਗੋਸਲ ਵੱਲੋਂ ਆਪਣੀ ਬੇਟੀ ਦੀ ਇਸ ਮਾਣਮੱਤੀ ਪ੍ਰਾਪਤੀ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਜਿਸ ਦੌਰਾਨ ਗੁਰੂ ਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ ਜਲੰਧਰ ਵਾਲੇ ਤੇ ਭਾਈ ਤਰਲੋਚਨ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਗੁਰਦੁਆਰਾ ਕਮੇਟੀ ਵੱਲੋਂ ਐੱਮ ਐੱਸ ਪੀ ਗੋਸਲ ਅਤੇ ਉਨ੍ਹਾਂ ਦੇ ਸਹਿਕਰਮੀ ਐੱਮ ਐੱਸ ਪੀਜ਼ ਦਾ ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਹਾਰਦਿਕ ਧੰਨਵਾਦ ਕਰਦਿਆਂ ਸਿਰੋਪਾਓ ਨਾਲ ਨਿਵਾਜਿਆ ਗਿਆ। ਆਪਣੇ ਸੰਬੋਧਨ ਦੌਰਾਨ ਪੈਮ ਗੋਸਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਅਤੇ ਵਾਹਿਗੁਰੂ ਦੇ ਓਟ ਆਸਰੇ ਕਾਰਨ ਸਕਾਟਲੈਂਡ ਦੀ ਪਹਿਲੀ ਐੱਮ ਐੱਸ ਪੀ ਹੋਣ ਦਾ ਮਾਣ ਹਾਸਲ ਹੋਇਆ ਹੈ। ਉਸ ਦੀ ਹਰ ਸਾਹ ਕੋਸ਼ਿਸ਼ ਰਹੇਗੀ ਕਿ ਆਪਣੇ ਭਾਈਚਾਰੇ ਅਤੇ ਸਕਾਟਲੈਂਡ ਦੇ ਵਾਸੀਆਂ ਦਾ ਮਾਣ ਨਾ ਟੁੱਟਣ ਦੇਵਾਂ। ਇਸ ਸਮੇਂ ਉਨ੍ਹਾਂ ਦੇ ਸਹਿਯੋਗੀ ਐੱਮ ਐੱਸ ਪੀਜ਼, ਪ੍ਰਧਾਨ ਲੁਬਾਇਆ ਸਿੰਘ ਮਹਿਮੀ ਤੇ ਚਰਨਦਾਸ ਬੈਂਸ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਦੇ ਮੀਤ ਪ੍ਰਧਾਨ ਸੋਹਨ ਸਿੰਘ ਰੰਧਾਵਾ, ਕਾਰੋਬਾਰੀ ਬਲਜੀਤ ਸਿੰਘ ਖਹਿਰਾ, ਗੁਰਮੇਲ ਸਿੰਘ ਸੰਘਾ, ਬਾਬਾ ਬੁੱਢਾ ਦਲ ਦੇ ਸੇਵਾਦਾਰ ਹਰਜੀਤ ਸਿੰਘ ਖਹਿਰਾ, ਪਰਮਜੀਤ ਸਿੰਘ ਬਾਸੀ, ਸਰਦਾਰਾ ਸਿੰਘ ਲੱਲੀ, ਸੋਢੀ ਬਾਗੜੀ ਆਦਿ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਕ ਦੇ ਫਰਜ਼ ਦਲਜੀਤ ਸਿੰਘ ਦਿਲਭਰ ਵੱਲੋਂ ਅਦਾ ਕੀਤੇ ਗਏ।
Comments are closed, but trackbacks and pingbacks are open.