ਅੰਤਿਮ ਸਸਕਾਰ ਅਤੇ ਪਾਠ ਦਾ ਭੋਗ ਸ਼ਨੀਵਾਰ 6 ਮਈ 2023 ਨੂੰ
ਯੂ.ਕੇ ਦੇ ਪੰਜਾਬੀ ਭਾਈਚਾਰੇ ਵਲੋਂ ਇਹ ਖ਼ਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਲੇਖਕ ਅਤੇ ਵੁਲਵਰਹੈਂਪਟਨ ਦੇ ਸਨਅਤਕਾਰ ਮਨਮੋਹਣ ਸਿੰਘ ਮਹੇੜੂ ਬੀਤੀ 23 ਅਪ੍ਰੈਲ 2023 ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਮਨਮੋਹਨ ਸਿੰਘ ਮਹੇੜੂ ਦਾ ਜਨਮ ਮਈ 1941 ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਗੇਹਲੜਾਂ ਵਿਖੇ ਹੋਇਆ ਸੀ। ਉਨ੍ਹਾਂ ਮੁੱਢਲੀ ਵਿਦਿਆ ਪੱਜੋ ਦਿੱਤਾ ਹਾਈ ਸਕੂਲ ਤੋਂ ਬਾਅਦ ਭਾਰਤੀ ਰੇਲੇਵੇ ਵਿੱਚ ਨੌਕਰੀ ਕੀਤੀ। ਉਹ 24 ਸਾਲ ਦੀ ਉਮਰ ਵਿੱਚ ਵਾੳੂਚਰ ’ਤੇ 1965 ਵਿੱਚ ਇੰਗਲੈਂਡ ਆ ਗਏ ਸਨ। ਉਨ੍ਹਾਂ ਟੀਚਰ ਟਰੇਨਿੰਗ ਲੈਣ ਦੇ ਨਾਲ-ਨਾਲ ਵੁਲਵਰਹੈਂਪਟਨ ਵਿਖੇ ਮੈਟਲ ਪਾਲਿਸ਼ਿੰਗ ਕੰਪਣੀ ਵਿੱਚ ਨੌਕਰੀ ਵੀ ਕੀਤੀ ਅਤੇ ਬਾਅਦ ਵਿੱਚ ਦੋ ਭਾਈਵਾਲਾਂ ਹਰਭਜਨ ਸਿੰਘ ਨਿੱਜਰ ਅਤੇ ਬਲਦੇਵ ਸਿੰਘ ਔਜਲਾ ਨਾਲ ਮੈਰੀਡੇਲ ਪੋਲਿਸ਼ਿੰਗ ਅਤੇ ਪਲੇਟਿੰਗ ਕੰਪਣੀ ਸ਼ੁਰੂ ਕੀਤੀ ਜੋ ਅੱਜ ਵੀ ਕਾਰੋਬਾਰ ਕਰਦੀ ਹੈ।
ਮਨਮੋਹਣ ਸਿੰਘ ਨੂੰ ਲਿਖਣ ਦਾ ਸ਼ੌਕ ਸੀ ਅਤੇ ਅਕਸਰ ਉਨ੍ਹਾਂ ਦੀਆਂ ਰਚਨਾਵਾਂ ‘ਦੇਸ ਪ੍ਰਦੇਸ’ ਵਿੱਚ ਛਪਦੀਆਂ ਰਹਿੰਦੀਆਂ ਸਨ। 2012 ਵਿੱਚ ਉਨ੍ਹਾਂ ਦੀ ਪ੍ਰਵਾਸ ਬਾਰੇ ਪੁਸਤਕ ‘ਆਪਰਚਿੳੂਨਿਟੀ ਐਂਡ ਕਲਚਰ – ਇੰਗਲੈਂਡ ਵਿੱਚ ‘ਚਾਰ ਦਹਾਕੇ’ ਪ੍ਰਕਾਸ਼ਿਤ ਹੋਈ ਸੀ ਜਿਸ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਮਸ਼ਹੂਰ ਲੇਖਕ ਐਸ ਬਲਵੰਤ ਨੇ ਉਨ੍ਹਾਂ ਦੀ ਜੀਵਨੀ ‘‘ਕਦਮਾਂ ਦੇ ਨਿਸ਼ਾਨ’’ ਲਿਖੀ ਸੀ ਜਿਸ ਨੂੰ ਐਵਾਰਡ ਪ੍ਰਾਪਤ ਹੋਇਆ ਸੀ। ਪੰਜਾਬੀ ਬੋਲੀ ਦਾ ਵਿਕਾਸ ਕਰਨ ਵਾਲੀਆਂ ਕਈ ਸੰਸਥਾਵਾਂ ਨਾਲ ਉਹ ਜੁੜੇ ਰਹੇ ਅਤੇ ਸਮਾਜ ਸੇਵਾ ਵਿੱਚ ਵੀ ਭਰਪੂਰ ਯੋਗਦਾਨ ਪਾਇਆ।
ਉਹ ਆਪਣੇ ਪਿੱਛੇ ਸਪੁੱਤਰੀ ਡਾਕਟਰ ਅਰਵਿੰਦ ਕੌਰ ਮਹੇੜੂ, ਬੇਟਾ ਯੁਵਰਾਜ ਮਹੇੜੂ ਅਤੇ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ 6 ਮਈ 2023 ਨੂੰ ਵੁਲਵਰਹੈਂਪਟਨ ਵਿਖੇ ਹੋਵੇਗਾ ਜਿਸ ਦੌਰਾਨ ਉਨ੍ਹਾਂ ਦੇ ਅੰਤਿਮ ਦਰਸ਼ਨ 8.30 ਵਜੇ ਸਵੇਰੇ ਗੁਰੂ ਨਾਨਕ ਸਿੱਖ ਗੁਰਦੁਆਰਾ, ਡੰਕਨ ਸਟਰੀਟ ਵਿਖੇ ਕਰਵਾਏ ਜਾਣਗੇ। ਸਸਕਾਰ ਸਵੇਰੇ 10 ਵਜੇ ਸੈਂਡਵੈਲ ਵੈਲੀ ਸ਼ਮਸ਼ਾਨਘਾਟ ਵੁਲਵਰਹੈਂਪਨਟ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਸਵੇਰੇ 11.30 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ, ਡੰਕਨ ਸਟਰੀਟ, ਵੁਲਵਰਹੈਂਪਟਨ ਵਿਖੇ ਹੋਵੇਗੀ।
ਅਦਾਰਾ ‘ਦੇਸ ਪ੍ਰਦੇਸ’ ਮਨਮੋਹਣ ਸਿੰਘ ਮਹੇੜੂ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਾ ਹੈ ਅਤੇ ਵਾਹਿਗੁਰੂ ਮੂਹਰੇ ਅਰਦਾਸ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਮਹੇੜੂ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰਾਂ ਅਤੇ ਸੰਗੀ ਸਾਥੀਆਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
Comments are closed, but trackbacks and pingbacks are open.