ਬਰਤਾਨਵੀ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਰਿਸ਼ੀ ਸੂਨਕ ਨੇ ਵਿਰੋਧੀਆਂ ਨੂੰ ਪਛਾੜਿਆ

ਸਾਬਕਾ ਪ੍ਰਧਾਨ ਮੰਤਰੀ ਬੋਰਿਸ ਦੇ ਸਮਰਥੱਕਾਂ ਵਲੋਂ ਰਿਸ਼ੀ ਖਿਲਾਫ਼ ਗੁਪਤ ਮੁਹਿੰਮ ਦੀ ਚਰਚਾ

ਲੰਡਨ – ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ ’ਚ ਤੇਜ਼ੀ ਆਉਣ ਦੇ ਨਾਲ ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਸਹਿਯੋਗੀਆਂ ਨੂੰ ਕਥਿਤ ਤੌਰ ’ਤੇ ਕਿਹਾ ਕਿ ਕਿਸੇ ਦਾ ਵੀ ਸਮਰਥਨ ਕਰਨ ਪਰ ਰਿਸ਼ੀ ਸੂਨਕ ਦਾ ਨਹੀਂ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਜਾਨਸਨ ਨੇ ਸੱਤ ਜੁਲਾਈ ਨੂੰ ਪਾਰਟੀ ਦੇ ਨੇਤਾ ਦੇ ਤੌਰ ’ਤੇ ਅਸਤੀਫ਼ਾ ਦੇ ਦਿੱਤਾ ਸੀ।

ਸਥਾਨਕ ਅਖ਼ਬਾਰ ਦੀ ਖ਼ਬਰ ’ਚ ਕਿਹਾ ਗਿਆ ਹੈ ਕਿ ਬੋਰਿਸ ਨੇ ਪਾਰਟੀ ਦੀ ਅਗਵਾਈ ਹਾਸਲ ਕਰਨ ਦੀ ਦੌੜ ’ਚ ਪੱਛੜ ਗਏ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਵਿੱਤ ਮੰਤਰੀ ਅਤੇ ਚਾਂਸਲਰ ਸੂਨਕ ਦਾ ਸਮਰਥਨ ਨਾ ਕਰਨ, ਜੋ ਜਾਨਸਨ ਦੇ ਆਪਣੀ ਹੀ ਪਾਰਟੀ ’ਚ ਸਮਰਥਨ ਗੁਆਉਣ ਲਈ ਜ਼ਿੰਮੇਵਾਰ ਹਨ।

ਜਾਨਸਨ ਨੇ ਆਪਣੇ ਉੱਤਰਾਧਿਕਾਰੀ ਦੇ ਤੌਰ ’ਤੇ ਪੇਨੀ ਮੋਰਡਾਊਟ ਲਈ ਵੀ ਕਥਿਤ ਤੌਰ ’ਤੇ ਵਿਕਲਪ ਖੁੱਲ੍ਹੇ ਰੱਖੇ ਹਨ। ਮੋਰਡਾਊਟ ਜੂਨੀਅਰ ਵਪਾਰ ਮੰਤਰੀ ਹੈ। ਖ਼ਬਰ ਮੁਤਾਬਕ, ਸਾਬਕਾ ਚਾਂਸਲਰ ਦੇ ਅਸਤੀਫ਼ੇ ਨੂੰ ਆਪਣੇ ਕਥਿਥ ਤੌਰ ’ਤੇ ਵਿਸ਼ਵਾਸਘਾਤ ਦੇ ਰੂਪ ’ਚ ਦੇਖ ਰਹੇ ਜਾਨਸਨ ਅਤੇ ਉਨ੍ਹਾਂ ਦਾ ਕੈਂਪ ਰਿਸ਼ੀ ਸੂਨਕ ਖਿਲਾਫ਼ ਗੁਪਤ ਮੁਹਿੰਮ ਚਲਾ ਰਿਹਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਬੋਰਿਸ ਜਾਨਸਨ ਦੀ ਜਗ੍ਹਾ ਲੈਣ ਦੀ ਦੌੜ ਵਿੱਚ ਰਿਸ਼ੀ ਸੂਨਕ ਨੇ ਆਪਣੇ ਮਜ਼ਬੂਤ ਪਕੜ ਬਣਾ ਲਈ ਹੈ। ਦੂਜੇ ਪੜਾਅ ਦੀ ਵੋਟਿੰਗ ਵਿੱਚ ਉਹ 101 ਵੋਟਾਂ ਨਾਲ ਮੁੜ ਜੇਤੂ ਰਹੇ। ਟੋਰੀ ਪਾਰਟੀ ਦੀ ਲੀਡਰਸ਼ਿਪ ਲਈ ਇਸ ਮੁਕਾਬਲੇ ਵਿੱਚ ਹੁਣ ਸਿਰਫ਼ 5 ਉਮੀਦਵਾਰ ਹੀ ਬਚੇ ਹਨ। ਭਾਰਤੀ ਮੂਲ ਦੀ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਸਭ ਤੋਂ ਘੱਟ 27 ਵੋਟਾਂ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੌੜ ਤੋਂ ਬਾਹਰ ਹੋ ਗਈ ਹੈ।

ਸੰਸਦ ਮੈਂਬਰਾਂ ਵੱਲੋਂ ਦੂਜੇ ਪੜਾਅ ਦੀ ਵੋਟਿੰਗ ਦੇ ਬਾਅਦ ਅੱਗੇ ਵਧਦੇ ਇਸ ਮੁਕਾਬਲੇ ਵਿੱਚ ਸੁਨਕ ਦੇ ਇਲਾਵਾ ਵਪਾਰ ਮੰਤਰੀ ਪੇਨੀ ਮੋਰਡੁਐਂਟ (83 ਵਟੋਾਂ), ਵਿਦੇਸ਼ ਮੰਤਰੀ ਲਿਜ ਟਰਸ (64 ਵੋਟਾਂ), ਸਾਬਕਾ ਮੰਤਰੀ ਕੇਮੀ ਬਾਡੇਨੋਕ (49 ਵੋਟਾਂ) ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਟੌਮ ਟੁਗੇਨਡੈਟ (32 ਵੋਟਾਂ) ਬਚੇ ਹਨ। ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵਿਚਾਲੇ ਵੋਟਿੰਗ ਦੇ ਅਗਲੇ 5 ਪੜਾਅ ਪੂਰੇ ਹੋਣ ਦੇ ਨਾਲ ਹੀ ਅਗਾਮੀ ਵੀਰਵਾਰ ਤੱਕ ਸਿਰਫ਼ 2 ਨੇਤਾ ਇਸ ਦੌੜ ਵਿੱਚ ਰਹਿ ਜਾਣਗੇ।

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਬ੍ਰੇਵਰਮੈਨ ਅਤੇ ਉਨ੍ਹਾਂ ਦੇ ਸਮਰਥਕ ਕਿਸ ਦੇ ਪੱਖ ਵਿੱਚ ਜਾਣਗੇ ਅਤੇ ਉਨ੍ਹਾਂ ਨੂੰ ਮਿਲੀਆਂ 27 ਵੋਟਾਂ 5 ਉਮੀਦਵਾਰਾਂ ਵਿੱਚੋਂ ਕਿਸੇ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ। ਸੁਨਕ (42) ਨੇ ਪਹਿਲਾਂ ਇਕ ਇੰਟਰਵਿਊ ਵਿੱਚ ਕਿਹਾ ਸੀ, ‘‘ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਕੀਰ ਸਟਾਰਮਰ (ਲੇਬਰ ਪਾਰਟੀ ਦੇ ਨੇਤਾ) ਨੂੰ ਹਰਾਉਣ ਅਤੇ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਮੈਂ ਸਰਵਸ੍ਰੇਸ਼ਠ ਵਿਅਕਤੀ ਹਾਂ। ਜਾਨਸਨ ਦੇ ਉੱਤਰਾਧਿਕਾਰੀ ਦਾ ਨਾਮ 5 ਸਤੰਬਰ ਤੱਕ ਸਾਹਮਣੇ ਆ ਜਾਵੇਗਾ।

Comments are closed, but trackbacks and pingbacks are open.