ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਵਿਚਲੇ ਪ੍ਰਮੁੱਖ ਸੈਲਾਨੀ ਕੇਂਦਰ ਬੰਦ ਕੀਤੇ ਜਾਣਗੇ। ਜਿਹਨਾਂ ਵਿੱਚ ਆਰਟ ਗੈਲਰੀਆਂ, ਅਜਾਇਬ ਘਰ ਅਤੇ ਹੋਰ ਪ੍ਰਮੁੱਖ ਸਥਾਨ ਸ਼ਾਮਲ ਹਨ। ਇਸ ਸਬੰਧੀ ਸ਼ਹਿਰ ਦੇ ਸਭਿਆਚਾਰ ਅਤੇ ਮਨੋਰੰਜਨ ਸਥਾਨਾਂ ਦਾ ਸੰਚਾਲਨ ਕਰਦੀ ਗਲਾਸਗੋ ਲਾਈਫ ਨੇ ਘੋਸ਼ਣਾ ਕੀਤੀ ਹੈ ਕਿ ਕੋਪ 26 ਦੇ ਦੌਰਾਨ ਵਿਘਨ ਨੂੰ ਘੱਟ ਕਰਨ ਲਈ ਘੱਟੋ ਘੱਟ ਲਈ ਛੇ ਸਾਈਟਾਂ ਬੰਦ ਰਹਿਣਗੀਆਂ, ਜਿਹਨਾਂ ਵਿੱਚ ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ, ਰਿਵਰਸਾਈਡ ਟ੍ਰਾਂਸਪੋਰਟ ਅਜਾਇਬ ਘਰ ਅਤੇ ਮਾਡਰਨ ਆਰਟ ਗੈਲਰੀ ਆਦਿ ਸ਼ਾਮਲ ਹਨ।ਗਲਾਸਗੋ ਲਾਈਫ ਸਿਟੀ ਕੌਂਸਲ ਦੀ ਤਰਫੋਂ ਇਹਨਾਂ ਸਥਾਨਾਂ ਨੂੰ ਚਲਾਉਂਦੀ ਹੈ ਅਤੇ ਮਹਾਂਮਾਰੀ ਦੇ ਦੌਰਾਨ ਸਥਾਨਾਂ ਦੇ ਬੰਦ ਹੋਣ ਕਾਰਨ ਇਸਨੂੰ 38 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ। ਗਲਾਸਗੋ ਲਾਈਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਵਰਸਾਈਡ ਮਿਊਜ਼ੀਅਮ ਅਕਤੂਬਰ 23 ਤੋਂ ਨਵੰਬਰ 16, ਕੇਲਵਿੰਗਰੋਵ ਆਰਟ ਗੈਲਰੀ ਅਤੇ ਮਿਊਜ਼ੀਅਮ 28 ਅਕਤੂਬਰ ਤੋਂ 14 ਨਵੰਬਰ ਅਤੇ ਸ਼ਹਿਰ ਦੇ ਕੇਂਦਰ ਵਿੱਚ ਮਾਡਰਨ ਆਰਟ ਗੈਲਰੀ 31 ਅਕਤੂਬਰ ਤੋਂ 14 ਨਵੰਬਰ ਤੱਕ ਬੰਦ ਰਹਿਣਗੇ। ਇਸਦੇ ਨਾਲ ਹੀ ਕੇਲਵਿਨ ਹਾਲ 28 ਅਕਤੂਬਰ ਤੋਂ 1 ਨਵੰਬਰ ਤੱਕ ਬੰਦ ਰਹੇਗਾ ਅਤੇ ਕੇਲਵਿੰਗਰੋਵ ਲਾਅਨ ਬਾਉਲਜ਼ ਅਤੇ ਟੈਨਿਸ ਸੈਂਟਰ ਵੀ 31 ਅਕਤੂਬਰ ਤੋਂ 2 ਨਵੰਬਰ ਤੱਕ ਬੰਦ ਰਹੇਗਾ। ਜਦਕਿ ਪੀਪਲਜ਼ ਪੈਲੇਸ ਮੁਰੰਮਤ ਲਈ ਬੰਦ ਹੈ ਤੇ ਉਹ ਵੀ ਜਨਤਾ ਲਈ ਬੰਦ ਰਹੇਗਾ। ਇਸਦੇ ਇਲਾਵਾ ਅਮੀਰਾਤ ਅਰੀਨਾ ਇਸ ਦੌਰਾਨ ਖੁੱਲਾ ਰਹੇਗਾ ਅਤੇ ਇਸਦੇ ਆਮ ਨਾਲੋਂ ਵਧੇਰੇ ਰੁੱਝੇ ਰਹਿਣ ਦੀ ਉਮੀਦ ਹੈ। ਗਲਾਸਗੋ ਲਾਈਫ ਅਨੁਸਾਰ ਜਲਵਾਯੂ ਸੰਮੇਲਨ ਅਤੇ ਸੁਰੱਖਿਆ ਕਾਰਜਾਂ ਦੇ ਮੱਦੇਨਜ਼ਰ ਇਹਨਾਂ ਸਾਰੀਆਂ ਤਾਰੀਖਾਂ ਨੂੰ ਬਦਲਿਆ ਵੀ ਜਾ ਸਕਦਾ ਹੈ।ਜਿਉਂ ਜਿਉਂ ਕੋਪ 26 ਜਲਵਾਯੂ ਸੰਮੇਲਨ ਦੇ ਸ਼ੁਰੂ ਹੋਣ ਦੇ ਦਿਨ ਨੇੜੇ ਆ ਰਹੇ ਹਨ, ਉਵੇਂ ਉਵੇਂ ਸਕਾਟਲੈਂਡ ਪੁਲਿਸ ਵੱਲੋਂ ਕਿਸੇ ਗੜਬੜੀ ਤੋਂ ਬਚਾਅ ਲਈ ਆਪਣੀਆਂ ਰਣਨੀਤਕ ਕਾਰਵਾਈਆਂ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਪੁਲਿਸ ਦੀਆਂ ਰਿਪੋਰਟਾਂ ਅਨੁਸਾਰ ਇੱਕ ਦਿਨ ਵਿੱਚ 150 ਤੋਂ 300 ਤੱਕ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਸੰਮੇਲਨ ਦੌਰਾਨ ਗਲਾਸਗੋ ਵਿੱਚ 10,000 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਕਿਉਂਕਿ ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨਾਲ ਸੰਭਾਵਤ ਟਕਰਾਅ ਹੋ ਸਕਦੇ ਹਨ। ਕੋਪ 26 ਸੰਮੇਲਨ 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ‘ਚ ਹੋ ਰਿਹਾ ਹੈ ਤੇ ਇਸ ਵਿੱਚ ਵਿਸ਼ਵ ਨੇਤਾਵਾਂ ਦੇ ਨਾਲ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋਣਗੇ। ਇਸ ਦੌਰਾਨ 6 ਨਵੰਬਰ ਨੂੰ ਇੱਕ ਪ੍ਰਦਰਸ਼ਨ ਵਿੱਚ 150,000 ਪ੍ਰਦਰਸ਼ਨਕਾਰੀਆਂ ਦੀ ਵੀ ਗਲਾਸਗੋ ਦੀਆਂ ਸੜਕਾਂ ‘ਤੇ ਉਤਰਨ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਪ੍ਰਤੀ ਦਿਨ 150 ਤੋਂ 300 ਵਾਧੂ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਪ੍ਰਗਟ ਕਰ ਰਹੇ ਹਨ।
2021-10-19
Comments are closed, but trackbacks and pingbacks are open.