ਕਾਨੂੰਨ ਬਣਨ ਨਾਲ ਸਿੱਖਾਂ ਨੂੰ ਭਾਰੀ ਰਾਹਤ ਮਿਲੇਗੀ
ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) – ਸਿੱਖ ਭਾਈਚਾਰੇ ਲਈ ਰਾਹਤ ਵਾਲੀ ਗੱਲ ਹੈ ਕਿ ਬੀਤੇ ਕੱਲ੍ਹ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆਂ ਸਟੇਟ ਸੈਨੇਟ ਵਿੱਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ਤੇ ਕੈਲੀਫੋਰਨੀਆਂ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਦੇ ਤਹਿਤ ਜਲਦੀ ਹੀ ਸਿੱਖ ਸਿਰਾਂ ਉੱਪਰ ਪੱਗਾਂ, ਦਸਤਾਰਾਂ ਅਤੇ ਦੁਮਾਲੇ ਸਜਾਕੇ, ਕੈਲੀਫੋਰਨੀਆ ਸਟੇਟ ਵਿੱਚ ਕਾਨੂੰਨੀ ਤੌਰ ਤੇ ਮੋਟਰਸਾਈਕਲ ਚਲਾ ਸਕਦੇ ਹਨ।
ਬਿੱਲ SB-847 ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ। ਇਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾ ਬਿੱਲ SB-847 ਨੂੰ ਬਹੁਤ ਸਾਰੀਆਂ ਸਟੇਟ ਕਮੇਟੀਆਂ, ਸੈਨੇਟ ਫਲੋਰ, ਅਸੈੰਬਲੀ ਫਲੋਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਵਿੱਚੋਂ ਲੰਘਣਾ ਪਇਆ। ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿੱਲ SB-847 ਨੂੰ ਹਰ ਇੱਕ ਪੜਾਵ ਵਿੱਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਇਤਿਹਾਸ ਚ ਪਹਿਲੀ ਵਾਰ ਸਿੱਖਾਂ ਨੂੰ ਅਮਰੀਕਾ ਦੀ ਕਿਸੇ ਸਟੇਟ ਵਿੱਚ ਕਾਨੂੰਨੀ ਤੌਰ ਤੇ ਪੱਗ ਬੰਨ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲਣ ਜਾ ਰਹੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਤੇ ਕਾਨੂੰਨ ਬਣਨ ਨਾਲ ਸਿੱਖਾਂ ਨੂੰ ਭਾਰੀ ਰਾਹਤ ਮਿਲੇਗੀ।
Comments are closed, but trackbacks and pingbacks are open.