ਤਿੰਨ ਗੰਭੀਰ ਜ਼ਖ਼ਮੀ ਅਤੇ ਚਾਰ ਨੌਜਵਾਨ ਗ੍ਰਿਫ਼ਤਾਰ
ਡਰਬੀ – ਇੱਥੇ ਬੀਤੇ ਐਤਵਾਰ ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਟੂਰਨਾਮੈਂਟਾਂ ਤਹਿਤ ਡਰਬੀ ਟੂਰਨਾਮੈਂਟ ’ਤੇ ਪੰਜਾਬੀਆਂ ਦੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਵਿੱਚ ਗੋਲੀਆਂ, ਤਲਵਾਰਾਂ ਅਤੇ ਟਕੂਆਂ ਦੀ ਵਰਤੋਂ ਕਾਰਨ ਤਿੰਨ ਬੰਦੇ ਜ਼ਖ਼ਮੀ ਹੋਏ ਜਦਕਿ ਚਾਰ ਨੌਜਵਾਨ ਪੁਲਿਸ ਵਲੋਂ ਸੋਮਵਾਰ ਸ਼ਾਮ ਨੂੰ ਲਿਖੀ ਖ਼ਬਰ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਹਨ।
‘ਦੇਸ ਪ੍ਰਦੇਸ’ ਵਲੋਂ ਪੁਲਿਸ ਦੇ ਅਧਿਕਾਰਤ ਬਿਆਨ ਦੀ ਉਡੀਕ ਕਰਨ ਤੋਂ ਬਾਅਦ ਮੌਕੇ ਦੇ ਗਵਾਹਾਂ ਅਨੁਸਾਰ ਡਰਬੀ ਕਬੱਡੀ ਟੂਰਨਾਮੈਂਟ ਵਿਖੇ ਹੋਈ ਘਾਤਕ ਲੜਾਈ ਦਾ ਕਾਰਨ ਪੰਜਾਬੀਆਂ ਦੇ ਦੋ ਨੌਜਵਾਨ ਗੁੱਟਾਂ ਦੀ ਪੁਰਾਣੀ ਖ਼ਹਿਬਾਜ਼ੀ ਸੀ ਜਿਸ ਨੂੰ ਡਰਬੀ ਕਬੱਡੀ ਟੂਰਨਾਮੈਂਟਾਂ ’ਤੇ ਅੰਜ਼ਾਮ ਦਿੱਤਾ ਗਿਆ ਹੈ।
‘ਦੇਸ ਪ੍ਰਦੇਸ’ ਦੇ ਸੂਤਰਾਂ ਅਨੁਸਾਰ ਇਸ ਲੜਾਈ ਦਾ ਮੁੱਢ ਕਿਸੇ ਨਾ ਕਿਸੇ ਕਾਰਨ ਧਾਰਮਿਕ ਜਾਂ ਸਿੱਖ ਸਿਆਸਤ ਦਾ ਧੁਰਾ ਹੈ ਜੋ ਕੁਝ ਲੋਕਾਂ ਨੂੰ ਆਪਸੀ ਧੜੇਬੰਦੀ ਵਿੱਚ ਵੰਡਣ ਵਿੱਚ ਸਹਾਈ ਕਰਦੀ ਹੈ।
ਇਸ ਖੂੰਨੀ ਲੜਾਈ ਵਿੱਚ ਦੋਨੋਂ ਧੜੇ ਪੰਜਾਬੀ ਸਨ ਜੋ ਸਮਾਂ ਤੈਅ ਕਰਕੇ ਪਹੁੰਚੇ ਸਨ ਜਿੱਥੇ ਆਪਣੀ ਸੁਰੱਖਿਆ ਲਈ ਇਕ ਨੌਜਵਾਨ ਵਲੋਂ ਗੋਲੀ ਚਲਾਈ ਗਈ ਪਰ ਜਦ ਉਸ ਦੀਆਂ ਗੋਲੀਆਂ ਖ਼ਤਮ ਹੋ ਗਈਆਂ ਤਦ ਵਿਰੋਧੀ ਧਿਰ ਨੇ ਤਲਵਾਰਾਂ ਅਤੇ ਕੁਹਾੜੀਆਂ ਨਾਲ ਬੰਦਾ ਬੇਰਹਿਮੀ ਨਾਲ ਵੱਢਿਆ ਗਿਆ।
ਪੁਲਿਸ ਵਲੋਂ ਇਸ ਮਾਮਲੇ ਵਿੱਚ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਚਾਰ ਬੰਦੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਗਲੇਰੀ ਜਾਂਚ ਚਲਾਈ ਜਾ ਰਹੀ ਹੈ ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ।
ਇਸ ਸਬੰਧੀ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ ਦੇ ਆਗੂ ਅਤੇ ਬ੍ਰਮਿੰਘਮ ਕਬੱਡੀ ਕਲੱਬ ਦੇ ਪ੍ਰਧਾਨ ਹਰਨੇਕ ਸਿੰਘ ਨੇਕਾ ਮੈਰੀਪੁਰੀਆ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਨੂੰ ਮਾਂ ਖੇਡ ਕਬੱਡੀ ਲਈ ਹੋਰ ਵੀ ਸੁਰੱਖਿਅਤ ਇੰਤਜ਼ਾਮ ਕਰਨੇ ਪੈਣਗੇ ਕਿਉਕਿ ਕੁਝ ਲੋਕ ਨਿੱਜੀ ਲੜਾਈਆਂ ਨੂੰ ਕਬੱਡੀ ਮੈਦਾਨ ਵਿੱਚ ਲੈ ਕੇ ਆਉਦੇ ਹਨ ਅਤੇ ਕਬੱਡੀ ਨੂੰ ਬਦਨਾਮ ਕਰਦੇ ਹਨ।
ਸਾਊਥਾਲ ਕਬੱਡੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਨੇ ਇਸ ਘਟਨਾ ’ਤੇ ਬਹੁਤ ਹੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਿਆਸਤ ਅਤੇ ਖੇਡ ਨੂੰ ਵੱਖ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਲੱੜ੍ਹ ਉਮਰ ਦੇ ਨੌਜਵਾਨਾ ਨੂੰ ਗੁੰਮਰਾਹ ਹੋਣ ਅਤੇ ਕਿਸੇ ਸ਼ਰਾਰਤੀ ਅਨਸਰ ਦੇ ਹੱਥੋਂ ਆਉਣ ਤੋਂ ਬਚਾਉਣ ਦੀ ਲੋੜ ਹੈ।
Comments are closed, but trackbacks and pingbacks are open.