ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੇ ਜਾਣ ‘ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਟਨ-ਕੋਟ ਸ਼ੁਕਰਾਨਾ ਕੀਤਾ ਜਾ ਰਿਹਾ ਹੈ।ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ, ਆਗਿਆਕਾਰ ਸਿੰਘ ਵਡਾਲਾ, ਬਲਜਿੰਦਰ ਸਿੰਘ ਗਿੱਲ, ਪ੍ਰਮਿੰਦਰ ਸਿੰਘ ਮੰਡ (ਗਰੇਵਜ਼ੈਂਡ), ਸੁਖਬੀਰ ਸਿੰਘ ਸਹੋਤਾ, ਗੁਰਤੇਜ ਸਿੰਘ ਪੰਨੂ, ਸਿਕੰਦਰ ਸਿੰਘ ਬਰਾੜ ਅਤੇ ਡਾ: ਬੈਂਸ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਸੱਚੀ-ਸੁੱਚੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣਾ ਉਨ੍ਹਾਂ ਦੇ ਸੱਚੇ ਸੁੱਚੇ ਕਿਰਦਾਰ ਦਾ ਬਹੁਤ ਵੱਡਾ ਮਾਣ ਹੈ। ਬੁਲਾਰਿਆਂ ਨੇ ਕਿਹਾ ਕਿ ਅਸੀਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੀ ਯਾਦ ਨੂੰ ਚਿਰ ਸਦੀਵੀ ਜਿਉਂਦਾ ਰੱਖਣ ਲਈ ਇਹ ਇਤਿਹਾਸਕ ਫੈਸਲਾ ਲਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਸ. ਕੁਲਦੀਪ ਸਿੰਘ ਵਡਾਲਾ ਟਕਸਾਲੀ ਆਗੂ ਸਨ ਅਤੇ ਉਨ੍ਹਾਂ ਨੇ ਲੋਕ ਪੱਖੀ ਫੈਸਲਿਆਂ ਲਈ ਆਪਣੇ ਅਹੁਦੇ ਵੀ ਕੁਰਬਾਨ ਕਰ ਦਿੱਤੇ ਸਨ। ਸ. ਵਡਾਲਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਵਾਉਣ ਲਈ ਦਰਸ਼ਣ ਅਭਿਲਾਖੀ ਸੰਸਥਾ ਦੇ ਨਾਮ ਹੇਠ 2001 ਤੋਂ ਹਰ ਮਹੀਨੇ ਡੇਰਾ ਬਾਬਾ ਨਾਨਕ ਸਰਹੱਦ ਵਿਖੇ ਮਹੀਨੇਵਾਰ ਅਰਦਾਸ ਕਰਿਆ ਕਰਦੇ ਸਨ ਜੋ ਉਨ੍ਹਾਂ ਆਪਣੇ 2018 ਵਿੱਚ ਅਕਾਲ ਚਲਾਣੇ ਮੌਕੇ ਤੱਕ 18 ਸਾਲ ਲਗਾਤਾਰ ਜਾਰੀ ਰੱਖੀ ਸੀ।
Comments are closed, but trackbacks and pingbacks are open.