ਵਿਰੋਧੀਆਂ ਵਲੋਂ ਨਫ਼ਰਤ ਹੇਠ ਨਿਸ਼ਾਨਾ ਬਣਾਉਣ ਦਾ ਦੋਸ਼
ਸਲੋਹ – ਇੱਥੋਂ ਦੇ ਪਹਿਲੇ ਦਸਤਾਰਧਾਰੀ ਬਰਤਾਨਵੀ ਪਾਰਲੀਮੈਂਟ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਉਨ੍ਹਾਂ ਨੂੰ ਪਿਛਲੇ ਦਿਨੀਂ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਨ ਬਾਅਦ ਬੇਵਜਾਹ ਪ੍ਰੇਸ਼ਾਨ ਕਰਨ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ।
ਤਨਮਨਜੀਤ ਸਿੰਘ ਢੇਸੀ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਤਿੱਖਾ ਪ੍ਰਤੀਕਰਮ ਦਿੰਦੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸੱਚ ਬੋਲਣ ਅਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਬਦਲੇ ਪ੍ਰੇਸ਼ਾਨੀ ਝੱਲਣੀ ਪਈ ਹੈ।
ਢੇਸੀ ਨੇ ਕਿਹਾ ਕਿ ਉਹ ਬਰਤਾਨਵੀ ਪਾਰਲੀਮੈਂਟ ਵਿੱਚ ਆਪਣੇ ਹਲਕੇ ਦੇ ਲੋਕਾਂ ਸਮੇਤ ਦੁਨੀਆ ਭਰ ਵਿੱਚ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਉਨ੍ਹਾਂ ਭਾਰਤ ਵਿੱਚ ਕਿਸਾਨ ਅੰਦੋਲਨ ਮੌਕੇ ਵੀ ਕਿਸਾਨਾਂ ਅਤੇ ਸਿੱਖਾਂ ਦੇ ਹੱਕ ਵਿੱਚ ਅਵਾਜ਼ ਚੁੱਕੀ ਗਈ ਸੀ ਅਤੇ ਪਿਛਲੇ ਸਾਲ ਪੰਜਾਬ ਆਮਦ ਮੌਕੇ ਕਿਸਾਨ ਯੁਨੀਅਨਾਂ ਅਤੇ ਸਿੱਖ ਸੰਸਥਾਵਾਂ ਨੇ ਉਨ੍ਹਾਂ ਦਾ ਭਾਰੀ ਮਾਣ ਸਨਮਾਨ ਕੀਤਾ ਗਿਆ ਸੀ ਜਿਸ ਬਾਅਦ ਉਹ ਕਈ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਸਨ।
ਉਨ੍ਹਾਂ ਦੱਸਿਆ ਕਿ ਜਦ ਉਹ ਬੀਤੇ ਦਿਨੀਂ ਯੂ.ਕੇ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜੇ ਤਦ ਉਨ੍ਹਾਂ ਨੂੰ ਰੋਕ ਕੇ ਇਕ ਪਾਸੇ ਬਿਠਾ ਲਿਆ ਗਿਆ ਸੀ ਜਦਕਿ ਬਾਕੀ ਮੁਸਾਫ਼ਿਰ ਆਮ ਵਾਂਗ ਬਾਹਰ ਨਿਕਲ ਰਹੇ ਸਨ। ਢੇਸੀ ਨੇ ਦੱਸਿਆ ਕਿ ਦੋ ਘੰਟੇ ਦੀ ਖੱਜਲਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਭਾਵੇਂ ਜਾਣ ਦਿੱਤਾ ਗਿਆ ਸੀ ਪਰ ਇਹ ਕਾਰਵਾਈ ਕਿਸੇ ਅਯੋਗ ਸ਼ਿਕਾਇਤ ਦੀ ਬਿਨ੍ਹਾ ’ਤੇ ਕੀਤੀ ਗਈ ਜੋ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਸੀ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸੱਚ ਨਾਲ ਖੜੇ ਰਹੇ ਹਨ ਅਤੇ ਅਗਾਂਹ ਵੀ ਇਸ ਲੀਹ ਤੋਂ ਕਦੇ ਵੀ ਥਿੜਕਣਗੇ ਨਹੀਂ ਚਾਹੇ ਵਿਰੋਧੀ ਉਨ੍ਹਾਂ ਦੀ ਅਵਾਜ਼ ਬੰਦ ਕਰਨ ਲਈ ਕੋਈ ਵੀ ਹੱਥਕੰਡੇ ਆਪਣਾ ਲੈਣ ਅਤੇ ਉਹ ਮਜ਼ਲੂਮਾ ਦੀ ਅਵਾਜ਼ ਬਣਦੇ ਰਹਿਣਗੇ।
ਦੱਸਣਯੋਗ ਹੈ ਕਿ ਪੰਜਾਬ ਜਾਣ ਤੋਂ ਪਹਿਲਾਂ ਐਮ.ਪੀ. ਢੇਸੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਨਾਲ ਅਫ਼ਰੀਕਾ ਦੇ ਦੌਰੇ ’ਤੇ ਗਏ ਸਨ ਜਿੱਥੇ ਉਨ੍ਹਾਂ ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਪੀੜ੍ਹਤ ਲੋਕਾਂ ਦੀ ਬਾਂਹ ਫੜੇ ਜਾਣ ਦਾ ਸੁਨੇਹਾ ਦਿੱਤਾ ਸੀ।
Comments are closed, but trackbacks and pingbacks are open.