ਅੰਬੈਸਡਰ ਤਰਨਜੀਤ ਸਿੰਘ ਸੰਧੂ ਦੀ ਪ੍ਰੇਰਣਾ ਸਦਕਾ ਅਮਰੀਕਾ ਦੇ ਉੱਘੇ ਪੰਜਾਬੀ ਉਦਯੋਗਪਤੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ 100 ਵਿਦਿਆਰਥੀਆਂ ਨੂੰ ਹਰ ਸਾਲ ਅਮਰੀਕਾ ਵਿੱਚ ਵਜ਼ੀਫ਼ਾ ਦੇਣ ਕੀਤਾ ਐਲਾਨ

ਅੰਮ੍ਰਿਤਸਰ – ਲੋਕ ਸਭਾ ਚੋਣਾਂ ਪ੍ਰਤੀ ਅੰਮ੍ਰਿਤਸਰ ਲੋਕ ਸਭਾ ਲਈ ਭਾਜਪਾ ਦੇ ਸੰਭਾਵੀ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਵੱਲੋਂ ਅੰਮ੍ਰਿਤਸਰ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਬਿਹਤਰ ਭਵਿਖ ਲਈ ਜੋ ਸੁਪਨਾ ਲਿਆ ਹੈ, ਉਹ ਹੁਣ ਸੱਚ ਹੋ ਰਿਹਾ ਹੈ। ਉਨ੍ਹਾਂ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਅੰਮ੍ਰਿਤਸਰ ਦੇ ਵਿਕਾਸ ਨਾਲ ਜੋੜਨ ਦੀ ਮੁਹਿੰਮ ਦਾ ਅਸਰ ਅੱਜ ਉਸ ਸਮੇਂ ਫਿਰ ਦੇਖਣ ਨੂੰ ਮਿਲਿਆਂ ਜਦੋਂ ਉਨ੍ਹਾਂ ਦੇ ਸਥਾਨਕ ਗ੍ਰਹਿ ਵਿਖੇ ਉਨ੍ਹਾਂ ਨੂੰ ਮਿਲਣ ਆਏ ਅਮਰੀਕਾ ਦੇ ਉੱਘੇ ਪੰਜਾਬੀ ਉਦਯੋਗਪਤੀ ਅਤੇ ਪਰਵਾਸੀ ਭਾਰਤੀ ਸਨਮਾਨ ਨਾਲ ਨਿਵਾਜੇ ਜਾ ਚੁੱਕੇ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਨੇ ਸਰਦਾਰ ਸੰਧੂ ਦੀ ਪ੍ਰੇਰਣਾ ਸਦਕਾ ਅੰਮ੍ਰਿਤਸਰ ਦੇ 100 ਵਿਦਿਆਰਥੀਆਂ ਨੂੰ ਹਰ ਸਾਲ ਅਮਰੀਕਾ ਵਿੱਚ ਵਜ਼ੀਫ਼ਾ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਅੰਮ੍ਰਿਤਸਰ ਦੀ ਬਿਹਤਰੀ ਲਈ ਪ੍ਰਾਜੈਕਟਾਂ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਦਾ ਵੀ ਐਲਾਨ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਅਨੁਸਾਰ ਜਿਸ ’ਤੇ ਅੰਬੈਸਡਰ ਸੰਧੂ ਨੇ ਸਰਦਾਰ ਧਾਰੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਵਸੇ ਹੋਰ ਪਰਵਾਸੀ ਪੰਜਾਬੀਆਂ ਤੋਂ ਵੀ ਇਸੇ ਤਰ੍ਹਾਂ ਦੇ ਉੱਦਮਾਂ ‘ਚ ਭਾਈਵਾਲ ਬਣਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਦੇ ਪ੍ਰਮੁੱਖ ਕਾਰੋਬਾਰੀਆਂ ਦੇ ਇੱਕ ਸਮੂਹ ਨਾਲ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕਰਨ ਆਏ ਮੈਰੀਲੈਂਡ ਦੇ ਪ੍ਰਮੁੱਖ ਹੈਲਥਕੇਅਰ ਸਿਸਟਮ ਦੇ ਸੀਈਓ ਅਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸਰਦਾਰ ਜਸਦੀਪ ਸਿੰਘ ਉਰਫ਼ ਜੈਸੀ ਸਿੰਘ ਨੇ ਸਰਦਾਰ ਸੰਧੂ ਦੀ ਪ੍ਰੇਰਣਾ ਨਾਲ ਅੰਮ੍ਰਿਤਸਰ ਦੇ ਨੌਜਵਾਨਾਂ ਲਈ 100 ਅਤੇ ਲੜਕੀਆਂ ਲਈ 50 ਵਜ਼ੀਫ਼ੇ ਦੇਣ, 100 ਇੰਟਰਨਸ਼ਿਪਾਂ, ਸਿਹਤ ਸੰਭਾਲ ਕਰਮਚਾਰੀਆਂ ਨੂੰ ਨੌਕਰੀ ਦੇ ਮੌਕਿਆਂ ਦੇ ਨਾਲ ਸਿਖਲਾਈ ਅਤੇ ਦੋ ਸਥਾਨਕ ਸੜਕਾਂ ਦੀ ਦੇਖਭਾਲ ਨੂੰ ਅਪਣਾਉਣ ਦਾ ਐਲਾਨ ਕਰ ਚੁੱਕੇ ਹਨ।

ਸਰਦਾਰ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਪ੍ਰਤੀ ਪੰਜਾਬੀ ਡਾਇਸਪੋਰਾ ਦਾ ਸਮਰਪਣ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿਕਾਸ, ਤਰੱਕੀ ਅਤੇ ਹੁਨਰਮੰਦ ਲੋਕ ਪੈਦਾ ਕਰਨ ਦੇ ਵਧੀਆ ਉੱਦਮ ਦਾ ਹਿੱਸਾ ਹਨ। ਜਿਸ ਦੀ ਉਨ੍ਹਾਂ ਪਰਵਾਸੀਆਂ ਦੀ ਗੁਰੂ ਨਗਰੀ ਪ੍ਰਤੀ ਸੋਚ ਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਅਮਰੀਕਨ ਗੁਰੂ ਨਗਰੀ ਨੂੰ ਇਸ ਤਰ੍ਹਾਂ ਦੇ ਉੱਦਮਾਂ ਵਿੱਚ ਸਹਾਇਤਾ ਕਰਨ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਨਾ ਕਿ ਪੰਜਾਬੀ ਪੂੰਜੀ ਅਤੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਧੱਕਣਾ ਚਾਹੀਦਾ ਹੈ।

Comments are closed, but trackbacks and pingbacks are open.