ਟਰੰਪ ਦਾ ਦੇਸ਼ ਨਿਕਾਲਾ ਮਿਸ਼ਨ ਫੜੇਗਾ ਜੋਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ( ਡੀ ਐਚ ਐਸ) ਨੇ ਆਪਣੀ ਸਮੁੱਚੀ ਜਾਂਚ ਡਵੀਜਨ ਜੋ 6000 ਏਜੰਟਾਂ ‘ਤੇ ਅਧਾਰਤ ਹੈ, ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣਾ ਧਿਆਨ ਡਰੱਗ ਡੀਲਰਾਂ, ਅੱਤਵਾਦੀਆਂ ਤੇ ਮਨੁੱਖੀ ਤਸਕਰੀ ਵੱਲੋਂ ਹਟਾ ਕੇ ਟਰੰਪ ਪ੍ਰਸ਼ਾਸਨ ਦੇ ਉਸ ਮਿਸ਼ਨ ਵੱਲ ਦੇਵੇ ਜਿਸ ਤਹਿਤ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਉਨਾਂ ਦੇ ਮੂਲ ਦੇਸ਼ਾਂ ਵਿਚ ਵਾਪਿਸ ਭੇਜਿਆ ਜਾ ਰਿਹਾ ਹੈ।
ਡੀ ਐਚ ਐਸ ਦੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਏਜੰਸੀ (ਐਚ ਐਸ ਆਈ) ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਹਾਲ ਹੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਕਾਰਜਕਾਰੀ ਆਦੇਸ਼ ਅਨੁਸਾਰ ਕੰਮ ਕਰ ਰਹੇ ਹਨ ਜਿਸ ਤਹਿਤ ਸੰਘੀ ਲਾਅ ਇਨਫੋਰਸਮੈਂਟ ਸਾਧਨਾਂ ਦੀ ਵਰਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਰਨ ਲਈ ਕਿਹਾ ਗਿਆ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋਫੜੀ ਤੇ ਉਨਾਂ ਦੇ ਦੇਸ਼ ਨਿਕਾਲੇ ਦੇ ਕੰਮ ਵਿਚ ਤੇਜੀ ਆਵੇਗੀ।
ਇਨਾਂ ਅਧਿਕਾਰੀਆਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਸ ਤਾਜਾ ਆਦੇਸ਼ ਕਾਰਨ ਮੈਕਸੀਕਨ ਡਰੱਗ ਗਿਰੋਹ ਜੋ ਸਰਹੱਦ ਪਾਰੋਂ ਖਤਰਨਾਕ ਨਸ਼ਾ ਫੈਂਟਾਨਾਇਲ ਦੀ ਤਸਕਰੀ ਕਰਦੇ ਹਨ, ਸਮੇਤ ਅਮਰੀਕੀਆਂ ਨੂੰ ਦਰਪੇਸ਼ ਹੋਰ ਖਤਰਨਾਕ ਕੌਮਾਂਤਰੀ ਖਤਰਿਆਂ ਨਾਲ ਜੁੜੇ ਕਈ ਅਹਿਮ ਮਾਮਲਿਆਂ ਦੀ ਜਾਂਚ ਪ੍ਰਭਾਵਤ ਹੋਵੇਗੀ। ਐਚ ਐਸ ਆਈ ਦੇ ਇਕ ਸਾਬਕਾ ਸੁਪਰਵਾਈਜਰ ਏਜੰਟ ਕ੍ਰਿਸ ਕੈਪਨੇਲੀ ਨੇ ਕਿਹਾ ਹੈ ਕਿ ਮੇਰੇ ਸਾਥੀਆਂ ਨੂੰ ਪਹਿਲਾਂ ਹੀ ਡਰ ਸਤਾ ਰਿਹਾ ਸੀ ਕਿ ਜੇਕਰ ਟਰੰਪ ਚੋਣ ਜਿੱਤ ਗਏ ਤਾਂ ਪ੍ਰਵਾਸ ਸਬੰਧੀ ਸਖਤੀ ਹੋਵੇਗੀ। ਇਹ ਇਕ ਤਰਾਂ ਸਮੁੱਚੀ ਵਿਵਸਥਾ ਨੂੰ ਪੱਟੜੀ ਤੋਂ ਲਾਹ ਦੇਣ ਵਾਲੀ ਕਾਰਵਾਈ ਹੈ।
ਉਨਾਂ ਕਿਹਾ ਕਿ ” ਕੁਝ ਦੋਸਤ ਡੀ ਐਚ ਐਸ ਤੋਂ ਬਾਹਰ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਵਿਚ ਨੌਕਰੀਆਂ ਲੱਭ ਰਹੇ ਹਨ ਜਿਥੇ ਉਨਾਂ ਨੂੰ ਪ੍ਰਵਾਸੀਆਂ ਮਗਰ ਭੱਜਣਾ ਨਾ ਪਵੇ। ਇਨਾਂ ਦੋਸਤਾਂ ਦਾ ਕਹਿਣਾ ਹੈ ਕਿ ਜੋ ਕੰਮ ਕਰਨ ਲਈ ਉਨਾਂ ਨੂੰ ਕਿਹਾ ਜਾ ਰਿਹਾ ਹੈ ਇਹ ਉਹ ਨਹੀਂ ਹੈ ਜਿਸ ਲਈ ਉਨਾਂ ਦੀ ਨਿਯੁਕਤੀ ਹੋਈ ਸੀ। ਇਹ ਸਾਡੇ ਹੁਨਰ ਤੇ ਤਜ਼ਰਬੇ ਦੀ ਯੋਗ ਵਰਤੋਂ ਨਹੀਂ ਹੈ।”
ਇਸ ਸਬੰਧੀ ਡੀ ਐਚ ਐਸ ਦੀ ਜਨਤਿਕ ਮਾਮਲਿਆਂ ਬਾਰੇ ਸਹਾਇਕ ਸਕੱਤਰ ਟਰੀਸੀਆ ਮੈਕਲੌਘਲਿਨ ਨੇ ਕਿਹਾ ਹੈ ਕਿ ਇਸ ਸਮੇ ਐਚ ਐਸ ਆਈ ਸਮੇਤ ਡੀ ਐਚ ਐਸ ਦੇ ਸਾਰੇ ਏਜੰਟ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਉਨਾਂ ਨੂੰ ਵਾਪਿਸ ਭੇਜਣ ਦੇ ਕੰਮ ਵਿਚ ਲੱਗੇ ਹੋਏ ਹਨ ਤਾਂ ਜੋ ਅਮਰੀਕਾ ਦੀ ਸੁਰੱਖਿਆ ਦੇ ਮੁੱਢਲੇ ਮਿਸ਼ਨ ਦੀ ਪੂਰਤੀ ਕੀਤੀ ਜਾ ਸਕੇ।
Comments are closed, but trackbacks and pingbacks are open.