ਸਕਾਟਲੈਂਡ: ਨਿਕੋਲਾ ਸਟਰਜਨ ਨੇ ਕੋਪ 26 ਵਿੱਚ ਵਿਘਨ ਪਾਉਣ ਸਬੰਧੀ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਚਿਤਾਵਨੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 31 ਅਕਤੂਬਰ ਤੋਂ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਸ਼ੁਰੂ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਭਰ ਦੇ ਨੇਤਾ, ਡੇਲੀਗੇਟ ਆਦਿ ਜਲਵਾਯੂ ਸਬੰਧੀ ਗੱਲਬਾਤ ਕਰਨ ਲਈ ਆਪਣੀ ਸ਼ਮੂਲੀਅਤ ਕਰ ਰਹੇ ਹਨ। ਇਸ ਦੌਰਾਨ ਵੱਡੇ ਪੱਧਰ ‘ਤੇ ਵਾਤਾਵਰਨ ਕਾਰਕੁੰਨਾਂ, ਕਰਮਚਾਰੀਆਂ ਆਦਿ ਵੱਲੋਂ ਗਲਾਸਗੋ ਵਿੱਚ ਵੱਖ ਵੱਖ ਮੰਗਾਂ ਆਦਿ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਵੀ ਉਮੀਦ ਹੈ। ਇਸ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੋਪ 26 ਦੌਰਾਨ ਸਾਂਤੀ ਬਣਾਈ ਰੱਖਣ ਲਈ ਸਖਤ ਰੁਖ ਅਪਣਾਉਂਦਿਆਂ ਗਲਾਸਗੋ ਜਾ ਰਹ ਪ੍ਰਦਰਸ਼ਨਕਾਰੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਸਕਾਟਲੈਂਡ ਪੁਲਿਸ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਸੰਮੇਲਨ ਦੌਰਾਨ ਸੰਵੇਦਨਸ਼ੀਲ ਪੁਲਿਸਿੰਗ ਕਾਰਵਾਈ ਕਰੇਗੀ। ਇਸ ਸੰਮੇਲਨ ਦੌਰਾਨ ਵਿਸ਼ਵ ਨੇਤਾ ਅਤੇ ਲਗਭਗ 30,000 ਡੈਲੀਗੇਟ 12 ਨਵੰਬਰ ਤੱਕ ਸ਼ਹਿਰ ਵਿੱਚ ਰਹਿਣਗੇ। ਗ੍ਰੇਟਾ ਥਨਬਰਗ ਸਮੇਤ ਹਜ਼ਾਰਾਂ ਜਲਵਾਯੂ ਕਾਰਕੁੰਨ ਵੀ ਇਸ ਦੌਰਾਨ ਮਾਰਚ ਅਤੇ ਰੈਲੀਆਂ ਲਈ ਗਲਾਸਗੋ ਜਾਣਗੇ। ਸਕਾਟਿਸ਼ ਪਾਰਲੀਮੈਂਟ ਵਿੱਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਉਹ ਕੋਪ 26 ਵਿੱਚ ਸਾਂਤੀ ਬਣਾਈ ਰੱਖਣ ਲਈ ਚੀਫ ਕਾਂਸਟੇਬਲ ਨਾਲ ਹੋਰ ਚਰਚਾ ਕਰੇਗੀ।ਪਰ ਸਟਰਜਨ ਨੇ ਸਪੱਸ਼ਟ ਕੀਤਾ ਹੈ ਕਿ ਇੱਕ ਸੰਵੇਦਨਸ਼ੀਲ ਪੁਲਿਸਿੰਗ ਕਾਰਵਾਈ ਨਾਲ ਢੁੱਕਵੇਂ ਅਤੇ ਸ਼ਾਂਤਮਈ ਪ੍ਰਦਰਸ਼ਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ‘ਚ  30 ਅਕਤੂਬਰ ਤੇ 31 ਅਕਤੂਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੀ ਰੋਸ ਪ੍ਰਦਰਸ਼ਨ ਹੋਣ ਜਾ ਰਹੇ ਹਨ। 30 ਅਕਤੂਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਿੱਚ ਬਰਤਾਨੀਆ ਭਰ ਵਿੱਚੋਂ ਪ੍ਰਦਰਸ਼ਨਕਾਰੀ ਪਹੁੰਚ ਰਹੇ ਹਨ।

Comments are closed, but trackbacks and pingbacks are open.