ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਨਸ਼ਿਆਂ ਦੇ ਕਾਰੋਬਾਰ ਵਿੱਚ ਪਏ ਲੋਕ ਨਸ਼ਿਆਂ ਦੀ ਤਸਕਰੀ ਲਈ ਤਰ੍ਹਾਂ ਤਰ੍ਹਾਂ ਦੇ ਜੁਗਾੜ ਲਾਉਂਦੇ ਹਨ । ਅਜਿਹਾ ਹੀ ਇੱਕ ਜੁਗਾੜ ਨਕਲੀ ਜਸਟ ਈਟ ਕਰਮਚਾਰੀ ਬਣ ਕੇ ਲੰਡਨ ਵਿੱਚ ਲਾਇਆ ਜਾ ਰਿਹਾ ਸੀ। ਜਿਸ ਵਿੱਚ ਸ਼ੁੱਕਰਵਾਰ ਨੂੰ ਫੂਡ ਡਿਲੀਵਰੀ ਕੰਪਨੀ ਜਸਟ ਈਟ ਦੀ ਜੈਕਟ ਪਾ ਕੇ ਕੰਪਨੀ ਦੇ ਡਿਲੀਵਰੀ ਬੈਗ ਵਿੱਚ ਖਾਣੇ ਦੀ ਥਾਂ ਨਸ਼ੀਲੇ ਪਦਾਰਥਾਂ ਲਿਜਾਏ ਜਾ ਰਹੇ ਸਨ। ਪੁਲਿਸ ਦੁਆਰਾ ਇਸ ਜਾਅਲੀ ਡਿਲੀਵਰੀ ਡਰਾਈਵਰ ਨੂੰ ਰੋਕਿਆ ਗਿਆ ਅਤੇ ਬੈਗ ਵਿੱਚੋਂ ਤਕਰੀਬਨ 520 ਪੌਂਡ ਅਤੇ ਸੰਭਾਵਿਤ ਤੌਰ ‘ਤੇ ਭੰਗ ਦੇ ਪੈਕਟ ਬਰਾਮਦ ਕੀਤੇ ਗਏ। ਇਸ ਨਕਲੀ ਬਣੇ ਕਰਮਚਾਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਸਟੇਬਲਾਂ ਨੇ ਸ਼ੁੱਕਰਵਾਰ ਰਾਤ ਨੂੰ 17 ਸਾਲਾਂ ਲੜਕੇ ਨੂੰ ਗ੍ਰੇਟ ਈਸਟਰਨ ਸਟ੍ਰੀਟ ਦੇ ਨਾਲ ਸ਼ੋਰੇਡਿਚ ਹਾਈ ਸਟ੍ਰੀਟ ਵੱਲ ਸਾਈਕਲ ਚਲਾਉਂਦੇ ਦੇਖਿਆ ਅਤੇ ਰੁਕਣ ਲਈ ਕਿਹਾ, ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਅਧਿਕਾਰੀਆਂ ਨੇ ਕਾਰਵਾਈ ਕੀਤੀ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਗ੍ਰਿਫਤਾਰੀ ਦੇ ਬਾਅਦ ਵਿੱਚ ਉਸਨੂੰ ਜਾਂਚ ਅਧੀਨ ਰਿਹਾਅ ਕਰ ਦਿੱਤਾ ਗਿਆ ਜਦੋਂ ਕਿ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਸਟ ਈਟ ਦੇ ਦੇ ਅਨੁਸਾਰ ਕੰਪਨੀ ਦੇ ਜਸਟ ਈਟ ਬ੍ਰਾਂਡਿਡ ਡਿਲੀਵਰੀ ਬੈਗ ਅਤੇ ਜੈਕਟ ਮਾਰਕੀਟ ‘ਚ ਉਪਲੱਬਧ ਹਨ।
Comments are closed, but trackbacks and pingbacks are open.