ਲੰਡਨ ਦੇ ਨਿਲਾਮੀ ਘਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਨਿਲਾਮੀ ਰੋਕੀ

ਸੰਗਤਾਂ ਦੇ ਭਾਰੀ ਵਿਰੋਧ ਵਲੋਂ ਲਿਆ ਫੈਸਲਾ

ਲੰਡਨ – ਸਿੱਖ ਭਾਈਚਾਰੇ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਲੰਡਨ ਵਿੱਚ ਹੋਣ ਵਾਲੀ ਨੀਲਾਮੀ ਰੋਕ ਦਿੱਤੀ ਗਈ। ਲੰਡਨ ਸਥਿਤ ਨੀਲਾਮੀ ਘਰ ਨੇ ਮੁਆਫ਼ੀ ਮੰਗਦਿਆਂ ਸਬੰਧਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਹੈ। ‘ਯੂਨਾਈਟਿਡ ਸਿੱਖਸ’ ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਿੰਦਰਪਾਲ ਕੌਰ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲੰਡਨ ਸਥਿਤ ਹੋਜ਼ਬਰੀਸ ਫਾਈਲ ਆਰਟ ਨੀਲਾਮੀ ਘਰ ਵੱਲੋਂ 19 ਜੂਨ 2024 ਨੂੰ ਸੰਨ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵੱਡ-ਅਕਾਰੀ ਅੰਗ, ਇਸ ਤੋਂ ਇਲਾਵਾ ਅੰਗ ਨੰਬਰ 940 ਗੁਰਬਾਣੀ ਸਟੀਕ ਨੀਲਾਮ ਕੀਤੇ ਜਾ ਰਹੇ ਸਨ। ਇਸ ਤੋਂ ਇਲਾਵਾ 20ਵੀਂ ਸਦੀ ਦੇ ਇਕ ਛੋਟੇ ਸਰੂਪ ਦੇ 15 ਅੰਗ, ਜਨਮ ਸਾਖੀ ਅਤੇ ਗੁਰਬਾਣੀ ਨਾਲ ਜੁੜੇ ਹੋਰ ਦਸਤਾਵੇਜ਼ ਨੀਲਾਮ ਕੀਤੇ ਜਾ ਰਹੇ ਸਨ।

ਪਟੀਸ਼ਨਕਰਤਾ ਨੇ ਸਿੱਖਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਪੇਸ਼ ਕਰਦਿਆਂ ਮੰਗ ਕੀਤੀ ਸੀ ਕਿ ਨੀਲਾਮੀ ਘਰ ਨੂੰ ਧਾਰਮਿਕ ਗ੍ਰੰਥ ਨਾਲ ਜੁੜੇ ਹਰ ਦਸਤਾਵੇਜ਼ਾਂ ਨੂੰ ਨਿਲਾਮੀ ਤੋਂ ਹਟਾਉਣੇ ਚਾਹੀਦੇ ਹਨ। ਨੀਲਾਮੀ ਘਰ ਨੂੰ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ ਕਦੇ ਵੀ ਧਾਰਮਿਕ ਗ੍ਰੰਥਾਂ ਦੀ ਨੀਲਾਮੀ ਨਾ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਗੁਰਬਾਣੀ ਅਤੇ ਬਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਆਸ ਪ੍ਰਗਟ ਕੀਤੀ ਕਿ ਨੀਲਾਮੀ ਘਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅੱਗੋਂ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰੇਗਾ। ਇਸ ਤੋਂ ਬਾਅਦ ਜਿੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਪਟੀਸ਼ਨ ’ਤੇ ਦਸਤਖ਼ਤ ਕੀਤੇ, ਉੱਥੋਂ ਹੀ ਸਬੰਧਤ ਨੀਲਾਮੀ ਘਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨੀਲਾਮ ਹੋਣ ਤੋਂ ਰੋਕ ਦਿੱਤਾ ਗਿਆ।

Comments are closed, but trackbacks and pingbacks are open.