‘‘ਲੋਕ ਰਾਜ’’ ਪੰਜਾਬ ਦੀ ਸੰਸਥਾ ਵਲੋਂ ‘‘ਸਿੱਖ ਵੈਟਿਕਨ’’ ਸਿਟੀ ਦੇ ਉਠਾਏ ਮੁੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ

ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਨੇ ਤਾਇਦ ਕੀਤੀ

ਸ੍ਰੀ ਅੰਮ੍ਰਿਤਸਰ – ਸ੍ਰੀ ਅਕਾਲ-ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਤੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਨੇ ਜੂਨ ’84 ਦੇ ਅਤੀ ਦੁਖਦਾਈ ਸਾਕੇ ਨੂੰ ਯਾਦ ਕਰਦਿਆਂ, ਕਿਸੇ ਵੀ ਅਜੇਹੀ ਦੁਖ਼ਦਾਈ ਘਟਨਾਂ ਭਵਿੱਖ ਵਿਚ ਹੋਣ ਤੋਂ ਰੋਕਣ ਲਈ, ਇੱਕ ਵਿਸ਼ਵਵਿਆਪੀ ਅਪੀਲ ਵਿੱਚ, ਸਮੂਹ ਸੰਸਾਰ ਵਿੱਚ ਵਸਦੀ ਸਰਬੱਤ ਖ਼ਾਲਸਾ ਸਿੱਖ ਸੰਗਤ ਨੂੰ, “ਸਮੁੱਚੀ ਮਨੁੱਖਤਾ ਦੇ ਸਰਬਸਾਂਝੇ, ਪਿਆਰ ਅਤੇ ਸ਼ਾਂਤੀ ਦੇ ਚਾਨਣ-ਮੁਨਾਰੇ” ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ, “ਅਮਨ-ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਲੈਣ ਲਈ ਬਣਦਾ ਉੱਦਮ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਬੀਬੀ ਸਤਵੰਤ ਕੌਰ ਨੇ ਕਿਹਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ “ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ” ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ “ਇੱਕੋ ਇੱਕ ਉਮੀਦ” ਹਨ। ਜਦੋਂ ਕਿ ਸਾਰੀਆਂ ਪ੍ਰਮੁੱਖ ਸੈਨਿਕ ਵਿਸ਼ਵ ਤਾਕਤਾਂ ਵਿਨਾਸ਼ਕਾਰੀ “ਯੁੱਧ ਦਾ ਹੀ ਰਾਗ ਅਲਾਪ” ਰਹੀਆਂ ਹਨ।

ਉਹਨਾਂ ਕਿਹਾ ਕਿ ਹਿੰਦ-ਪਾਕ ਜੰਗ ਵਰਗੇ ਹਾਲਾਤਾਂ ਦੌਰਾਨ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਬਿਆਨ ਨਸ਼ਰ ਹੋਣ ਮਗਰੋਂ, ਸਿੱਖ ਧਰਮ ਦੇ ਇਹਨਾਂ ਮੁਢਲੇ ਅਸਥਾਨ ਨੂੰ “ਅਮਨ ਖੇਤਰ” ਐਲਾਨਣ ਅਤੇ “ਸਿੱਖ ਵੈਟੀਕਨ” ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ, ਸਿੱਖ-ਸੰਗਤ ਅਤੇ ਸੁਹਿ਼ਰਦ ਜਥੇਬੰਦੀ ‘ਲੋਕ-ਰਾਜ’ ਪੰਜਾਬ ਵੱਲੋਂ ਉੱਭਰੀ ਹੈ। ਤਾਂ ਜੋ ਇਨ੍ਹਾਂ ਪ੍ਰਮੁੱਖ ਅਸਥਾਨਾਂ ਉੱਪਰ ਭਵਿੱਖ ਵਿੱਚ ਨਾ ਫ਼ੌਜੀ ਟੈਂਕਾਂ ਅਤੇ ਨਾ ਹੀ ਫ਼ੌਜੀ ਜਹਾਜਾਂ ਨਾਲ ਕੋਈ ਹਮਲਾ ਕਰ ਸਕੇ।

ਜਿਸ ਮੰਗ ਦੀ ਪ੍ਰੋੜਤਾ, ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਚੁਣੇ ਗਏ ਮੌਜ਼ੂੂਦਾ ਲੋਕ ਸਭਾ ਮੈਂਬਰਾਂ ਨੇ ਵੀ ਕੀਤੀ ਹੈ। ਫੌਜ ਦੇ ਸੀਨੀਅਰ ਅਫ਼ਸਰ ਦੇ ਬਿਆਨ ਮਗਰੋਂ, ਇਹਨਾਂ ਪ੍ਰਮੁੱਖ ਧਰਮ ਅਸਥਾਨਾਂ ਨੂੰ ਕਿਸੇ ਵੀ ਸ਼ਰਾਰਤ ਤੋਂ ਸੁਰੱਖਿਤ ਕਰਨਾ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਬਣ ਗਿਆ ਹੈ।

ਬੀਬੀ ਸਤਵੰਤ ਕੌਰ, ਜੋ ਸ੍ਰੀ ਅਕਾਲ-ਤਖ਼ਤ ਸਾਹਿਬ ਤੋਂ ਬਣੀ “ਪੰਜ ਮੈਂਬਰੀ ਕਮੇਟੀ” ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ, ਸਿੱਖ ਧਰਮ ਦੇ ਮੁੱਢਲੇ ਅਸਥਾਨ ਹਨ। ਸਿੱਖਾਂ ਲਈ ਇਹ ਦੋਵੇ ਕੇਂਦਰੀ ਧਰਮ ਅਸਥਾਨ, ਉਵੇਂ ਹੀ ਸਤਿਕਾਰਤ ਹਨ, ਜਿਵੇਂ ਮੁਸਲਿਮਾਂ ਲਈ “ਮੱਕਾ” ਅਤੇ ਈਸਾਈਆਂ ਲਈ “ਵੈਟੀਕਨ” ਹੈ।

– ਬੀਬੀ ਸਤਵੰਤ ਕੌਰ ਸਪੁੱਤਰੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ
ਮੋਬ.: 75269 00024

Comments are closed, but trackbacks and pingbacks are open.