ਲੈਸਟਰ ਵਿਖੇ ਲਾਲਚ ਨੇ ਪੁੱਤ ਹੱਥੋਂ ਕਰਵਾਇਆ ਮਾਂ ਦਾ ਕਤਲ

ਅਦਾਲਤ ਵਲੋਂ ਉਮਰਕੈਦ ਦੀ ਸਜ਼ਾ

ਲੈਸਟਰ – ਇੱਥੇ ਆਪਣੀ 76 ਸਾਲਾ ਮਾਂ ’ਤੇ ਹਮਲਾ ਕਰਕੇ ਕਤਲ ਕਰਨ ਵਾਲੇ 48 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਲੈਸਟਰ ਪੁਲਸ ਨੇ 13 ਮਈ ਨੂੰ ਮਿ੍ਰਤਕ ਭਜਨ ਕੌਰ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਨਾਲ ਮਿਲਣ ਦੇ ਬਾਅਦ ਸੰਦੀਪ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਕਰੀਬ 6 ਮਹੀਨੇ ਪੁਰਾਣੇ ਇਸ ਕੇਸ ਵਿੱਚ ਹੁਣ ਯੂ.ਕੇ ਦੀ ਅਦਾਲਤ ਨੇ ਕਾਤਲ ਪੁੱਤਰ ਸੰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਪੁਲਿਸ ਨੇ ਕਿਹਾ, ‘ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਮਾਮਲਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਸਿੰਘ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਕਿਸ ਹੱਦ ਤੱਕ ਜਾ ਸਕਦਾ ਸੀ। ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਸੰਦੀਪ ਬਾਹਰ ਗਿਆ ਅਤੇ ਬਗੀਚੇ ਨੂੰ ਖੋਦਣ ਲਈ ਇਕ ਬੋਰੀ ਅਤੇ ਬੇਲਚਾ ਖਰੀਦਿਆ। ਉਸ ਦਾ ਇਰਾਦਾ ਕੌਰ ਨੂੰ ਦਫ਼ਨਾਉਣ ਦਾ ਸੀ ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਉਹ ਪ੍ਰੇਸ਼ਾਨ ਹੋ ਗਿਆ। ਜਾਂਚ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਜਦੋਂ ਅਧਿਕਾਰੀਆਂ ਨੇ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਪੁਲਿਸ ਜਾਂਚ ਵਿੱਚ ਪਾਇਆ ਗਿਆ ਕਿ ਸੰਦੀਪ ਨੇ ਘਰ ਦੀ ਮਾਲਕੀ ਨੂੰ ਲੈ ਕੇ ਕਈ ਵਿਵਾਦਾਂ ਤੋਂ ਬਾਅਦ ਇਹ ਕਦਮ ਚੁੱਕਿਆ, ਕਿਉਕਿ ਉਸ ਦਾ ਮੰਨਣਾ ਸੀ ਕਿ ਉਸ ਦੇ ਪਿਤਾ ਨੇ ਇਹ ਘਰ ਉਸ ਨੂੰ ਦਿੱਤਾ ਸੀ। ਇਸੇ ਘਰ ਨੂੰ ਲੈ ਕੇ ਸਿੰਘ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।

ਅਦਾਲਤ ਵਿੱਚ ਦੱਸਿਆ ਗਿਆ ਭਜਨ ਕੌਰ ਨੇ ਪਹਿਲਾਂ ਵੀ ਆਪਣੇ ਪੁੱਤਰ ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ ਅਤੇ ਉਸ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਸੀ। ਫਿਰ ਪੁੱਛ-ਗਿੱਛ ਜਾਰੀ ਰਹਿਣ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਸੰਦੀਪ ਘਰ ਦੇ ਡਰਾਈਵਵੇਅ ’ਤੇ ਆਪਣੀ ਕਾਰ ਵਿੱਚ ਰਹਿੰਦਾ ਸੀ ਅਤੇ ਕਤਲ ਵਾਲੇ ਦਿਨ ਹੀ ਮਾਂ ਨੇ ਉਸ ਨੂੰ ਘਰ ਵਿੱਚ ਆਉਣ ਦਿੱਤਾ ਸੀ। ਸੀਸੀਟੀਵੀ ਸਬੂਤਾਂ ਤੋਂ ਪਤਾ ਲੱਗਾ ਕਿ ਸੰਦੀਪ ਉਸੇ ਦਿਨ ਬਾਅਦ ਵਿੱਚ ਜਾਇਦਾਦ ਛੱਡ ਕੇ ਇੱਕ ਨੇੜਲੀ ਦੁਕਾਨ ਤੋਂ ਬੋਰੀ ਅਤੇ ਬੇਲਚਾ ਖਰੀਦਣ ਗਿਆ ਸੀ। ਫਿਰ ਉਹ ਬੋਲਸੋਵਰ ਸਟਰੀਟ ’ਤੇ ਘਰ ਵਾਪਸ ਆ ਗਿਆ। ਇਸ ਦੌਰਾਨ ਜਦੋਂ ਰਿਸ਼ਤੇਦਾਰਾਂ ਦਾ ਕੌਰ ਨਾਲ ਸੰਪਰਕ ਨਹੀਂ ਹੋਇਆ ਤਾਂ ਉਹ ਉਨ੍ਹਾਂ ਦੇ ਘਰ ਗਏ, ਜਿੱਥੇ ਕੌਰ ਦੀ ਲਾਸ਼ ਮਿਲੀ। ਜਦੋਂ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਇਹ ਵੀ ਦੇਖਿਆ ਕਿ ਬਗੀਚੇ ਵਿੱਚ ਜ਼ਮੀਨ ਪੁੱਟ ਕੇ ਇੱਕ ਵੱਡਾ ਟੋਆ ਬਣਾਇਆ ਹੋਇਆ ਸੀ।

Comments are closed, but trackbacks and pingbacks are open.