ਲੈਸਟਰ ਵਿਖੇ ਪੰਜਾਬੀ ਕਾਨਫਰੰਸ 5-6 ਜੁਲਾਈ 2025 ਨੂੰ ਕਰਵਾਈ ਜਾਵੇਗੀ

ਸਿੱਖ ਐਜੂਕੇਸ਼ਨ ਕੌਂਸਲ ਵਲੋਂ ਐਲਾਨ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਇੰਗਲੈਂਡ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਲੈਸਟਰ ਵਿਖੇ ਪੰਜਾਬੀ ਕਾਨਫਰੰਸ ਯੂ.ਕੇ ਦੇ ਸੰਬੰਧ ਵਿੱਚ ਡਾ. ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਦਾ ਸੰਚਾਲਨ ਕੰਵਰ ਸਿੰਘ ਬਰਾੜ ਨੇ ਕੀਤਾ। ਕੰਵਰ ਸਿੰਘ ਬਰਾੜ ਨੇ ਆਏ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਲੈਸਟਰ ਵਿਖੇ ਪਿਛਲੇ ਸਾਲ ਕਾਰਵਾਈ ਗਈ ਪੰਜਾਬੀ ਕਾਨਫਰੰਸ 2024 ਸੰਬੰਧੀ ਜਾਣਕਾਰੀ ਸਾਂਝੀ ਕੀਤੀ।

ਇਸ ਤੋਂ ਬਾਅਦ 5-6 ਜੁਲਾਈ 2025 ਵਿੱਚ ਕਰਵਾਈ ਜਾਣ ਵਾਲੀ ਕਾਨਫਰੰਸ ਬਾਰੇ ਵਿਸਥਾਰ ਪੂਰਵਕ ਦੱਸਿਆ। ਬਰਾੜ ਨੇ ਕਾਨਫਰੰਸ ਦਾ ਥਾਂਕਾ ਸਭ ਨਾਲ ਸਾਂਝਾ ਕੀਤਾ। ਇਸ ਦੌਰਾਨ ਵਿਚਾਰ ਕੀਤੇ ਜਾਣ ਵਾਲੇ ਵਿਸ਼ਿਆਂ ਦੇ ਪਰਚਿਆਂ ਅਤੇ ਬੁਲਾਰਿਆਂ ਦੀ ਜਾਣਕਾਰੀ ਦੇ ਇਲਾਵਾ ਹੋਰ ਗਤੀਵਿਧੀਆਂ ਬਾਰੇ ਚਰਚਾ ਹੋਈ। ਹਰਵਿੰਦਰ ਸਿੰਘ ਤੇ ਤਜਿੰਰ ਕੌਰ ਨੇ ਪੰਜਾਬੀ ਅਧਿਆਪਕਾਂ ਦੇ ਸਿਖਲਾਈ ਕੋਰਸ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੁਜਿੰਦਰ ਸਿੰਘ ਸੰਘਾ ਨੇ ਸਮੁੱਚੀ ਕਾਨਫਰੰਸ ਦੇ ਵਿਧੀ ਵਿਧਾਨ ’ਤੇ ਚਰਚਾ ਕੀਤੀ। ਡਾ. ਬਲਦੇਵ ਸਿੰਘ ਕੰਦੋਲਾ, ਸ਼ਿੰਦਰਪਾਲ ਸਿੰਘ ਮਾਹਲ ਅਤੇ ਹਰਮੀਤ ਸਿੰਘ ਜੂਮ ਮਾਧਿਅਮ ਜ਼ਰੀਏ ਮੀਟਿੰਗ ਦਾ ਹਿੱਸਾ ਬਣੇ। ਕਾਨਫਰੰਸ ਦੇ ਸਮੁੱਚੇ ਪ੍ਰਬੰਧ ਵਿੱਚ ਖਾਣ-ਪੀਣ, ਰਿਹਾਇਸ਼ ਤੇ ਸਥਾਨ ਬਾਰੇ ਮੁਖਤਿਆਰ ਸਿੰਘ, ਅਮਰਜੀਤ ਸਿੰਘ ਤੇ ਤਜਿੰਦਰ ਕੌਰ ਨੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਬਲਵਿੰਦਰ ਸਿੰਘ ਚਾਹਲ ਵੱਲੋਂ ਮੀਡੀਆ, ਬੁਲਾਰੇ ਤੇ ਹੋਰ ਪ੍ਰਬੰਧਾਂ ਨੂੰ ਸਾਂਝਾ ਕੀਤਾ ਗਿਆ।

ਇਸ ਸਮੇ ਹਾਜ਼ਰ ਸਖ਼ਸ਼ੀਅਤਾਂ ਵੱਲੋਂ ਸਮੁੱਚੇ ਪ੍ਰਬੰਧ ਨੂੰ ਲੈ ਕੇ ਜਿੱਥੇ ਤਸੱਲੀ ਪ੍ਰਗਟਾਈ ਗਈ ਉੱਥੇ ਕਾਨਫਰੰਸ ਪ੍ਰਤੀ ਉਤਸ਼ਾਹ ਅਤੇ ਖੁਸ਼ੀ ਦਾ ਵੀ ਇਜ਼ਹਾਰ ਕੀਤਾ ਗਿਆ। ਅੰਤ ਵਿੱਚ ਡਾ. ਪ੍ਰਗਟ ਸਿੰਘ ਵੱਲੋਂ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਸਮੂਹ ਪੰਜਾਬੀਆਂ ਨੂੰ ਪੰਜਾਬੀ ਕਾਨਫਰੰਸ ਯੂ.ਕੇ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ।

Comments are closed, but trackbacks and pingbacks are open.