ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਪੂਰੀ ਵਾਹ ਲਾਵਾਂਗੇ- ਬਲਵੰਤ ਗਿੱਲ, ਰੂਪ ਦਵਿੰਦਰ ਕੌਰ
ਗਲਾਸਗੋ/ ਬੈਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਸ਼ਹਿਰ ਬੈਡਫੋਰਡ ਵਿੱਚ ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਬੈਡਫੋਰਡ (ਯੂਕੇ) ਦਾ ਗਠਨ ਕਰਨ ਲਈ ਲੇਖਕ ਤੇ ਕਹਾਣੀਕਾਰ ਬਲਵੰਤ ਸਿੰਘ ਗਿੱਲ ਅਤੇ ਲੇਖਿਕਾ ਰੂਪ ਦਵਿੰਦਰ ਕੌਰ ਵੱਲੋਂ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਗੁਰਮੁਖ ਸਿੰਘ, ਜਸਵਿੰਦਰ ਕੁਮਾਰ, ਰਾਏ ਬਹਾਦਰ ਸਿੰਘ ਬਾਜਵਾ, ਹੰਸ ਰਾਜ ਨਾਗਾ, ਪ੍ਰਿਥਵੀ ਰਾਜ ਰੰਧਾਵਾ, ਬਿੰਦਰ ਭਰੋਲੀ, ਓਂਕਾਰ ਸਿੰਘ ਭੰਗਲ, ਬਲਰਾਜ ਸਿੰਘ, ਸੁਖਦੇਵ ਸਿੰਘ ਢੰਡਾ, ਨੰਜੂ ਰਾਮ ਪਾਲ, ਅਮਰੀਕ ਬੈਂਸ, ਅਭਿਨਾਸ਼ ਨਾਗਾ, ਰਾਣੀ ਕੌਰ, ਦਲਜੀਤ ਕੌਰ ਬਾਜਵਾ, ਗੁਰਦੇਵ ਬੈਂਸ, ਪੂਨਮ ਕੌਰ ਆਦਿ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਇਸ ਸੁਸਾਇਟੀ ਦੇ ਮੋਢੀ ਬਲਵੰਤ ਸਿੰਘ ਗਿੱਲ ਅਤੇ ਰੂਪ ਦਵਿੰਦਰ ਕੌਰ ਨੇ ਦੱਸਿਆ ਕਿ ਇਹ ਸੁਸਾਇਟੀ ਬੈਡਫੋਰਡ ਦੀ ਪਹਿਲੀ ਅਜਿਹੀ ਸੁਸਾਇਟੀ ਹੋਵੇਗੀ ਜੋ ਬੈਡਫੋਰਡ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਪੰਜਾਬੀ ਸਾਹਿਤ ਅਤੇ ਕਲਾ ਦਾ ਮੰਚ ਪ੍ਰਦਾਨ ਕਰਦਿਆਂ ਹੋਇਆਂ ਸਾਹਿਤਕਾਰਾਂ ਅਤੇ ਲੇਖਕਾਂ ਨੂੰ ਜੋੜਨ ਦਾ ਕੰਮ ਕਰੇਗੀ। ਇਸ ਸਭਾ ਦਾ ਮੁੱਖ ਮੰਤਵ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨਾ ਹੈ ਤੇ ਉਨ੍ਹਾਂ ਨੂੰ ਪੰਜਾਬੀ ਸਿੱਖਣ, ਪੜ੍ਹਨ ਤੇ ਲਿਖਣ ਲਈ ਪ੍ਰੇਰਿਤ ਕਰਨਾ ਹੈ। ਇਸ ਸੁਸਾਇਟੀ ਵੱਲੋਂ ਇੱਕ ਸਾਲਨਾ ਸਾਹਿਤਕ ਪ੍ਰੋਗਰਾਮ ਦੇ ਇਲਾਵਾ ਸਾਲ ਵਿੱਚ ਮਹੀਨਾਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਪੰਜਾਬੀ ਅਧਿਆਪਕਾਂ, ਲੇਖਕਾਂ ਅਤੇ ਕਲਾਕਾਰਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਰਲ ਮਿਲ ਕੇ ਉਪਰਾਲੇ ਕੀਤੇ ਜਾਣਗੇ। ਇਸ ਸਭਾ ਵੱਲੋਂ ਪਹਿਲਾ ਪ੍ਰੋਗਰਾਮ 11 ਜਨਵਰੀ 2025 ਨੂੰ ਉਲੀਕਿਆ ਗਿਆ ਹੈ।
Comments are closed, but trackbacks and pingbacks are open.