ਭਾਰਤੀ ਕੌਂਸਲ ਜਨਰਲ ਵਲੋਂ ਗਲਾਸਗੋ ਵਿਖੇ ਲੋਕਾਂ ਦੀ ਸਹੂਲਤ ਲਈ ਸਰਜਰੀ ਲਗਾਈ ਗਈ

ਮੌਕੇ ’ਤੇ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਭਾਰਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਨਿਵਾਰਣ, ਓ ਸੀ ਆਈ ਕਾਰਡ, ਵੀਜ਼ਾ, ਪਾਸਪੋਰਟ ਨਾਲ ਸੰਬੰਧਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਹਿੰਦੂ ਮੰਦਰ ਗਲਾਸਗੋ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਵੱਲੋਂ ਵਿਸ਼ਾਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕੌਂਸਲ ਜਨਰਲ ਸ੍ਰੀ ਬਿਜੇ ਸੇਲਵਰਾਜ, ਕਾਉਂਸਲ ਕਾਉਂਸਲਰ ਸੱਤਿਆਵੀਰ ਸਿੰਘ, ਹੈੱਡ ਆਫ ਚਾਂਸਰੀ ਆਸਿਫ ਸਈਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਕਾਟਲੈਂਡ ਦੀ ਨਾਮਵਾਰ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਵੱਲੋਂ ਦਿੱਤੇ ਵਡਮੁੱਲੇ ਸਾਥ ਨਾਲ ਨੇਪਰੇ ਚੜ੍ਹੇ ਇਸ ਕੈਂਪ ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਦੂਰ ਦੁਰਾਡੇ ਇਲਾਕਿਆਂ ਤੋਂ ਪਹੁੰਚ ਕੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ। ਕੌਂਸਲ ਜਨਰਲ ਆਫ ਇੰਡੀਆ ਦਫਤਰ ਵੱਲੋਂ ਗੱਲਬਾਤ ਕਰਦਿਆਂ ਸੱਤਿਆਵੀਰ ਸਿੰਘ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਰਹਿਣਾ ਉਹਨਾਂ ਦਾ ਕੰਮ ਵੀ ਹੈ ਤੇ ਫਰਜ਼ ਵੀ ਹੈ। ਉਹਨਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਕਿਸੇ ਵੀ ਸਮੇਂ ਬਿਨਾਂ ਝਿਜਕ ਦਫਤਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਦੇ ਜਨਰਲ ਸਕੱਤਰ ਸ੍ਰੀਮਤੀ ਮਰਿਦੁਲਾ ਚਕਰਬਰਤੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਭਾਈਚਾਰੇ ਨਾਲ ਹਰ ਵਕਤ ਡਟ ਕੇ ਖੜ੍ਹਦੀ ਆ ਰਹੀ ਹੈ। ਉਹਨਾਂ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦੇ ਸਮੂਹ ਸਟਾਫ ਅਤੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਕੈਂਪ ਸਮੇਂ ਸਮੇਂ ‘ਤੇ ਲਗਵਾਉਣ ਲਈ ਸਰਗਰਮ ਰਹਿਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਐੱਮ ਐੱਸ ਪੀ ਸ੍ਰੀ ਸੰਦੇਸ਼ ਗੁਲਹਾਨੀ, ਏ ਆਈ ਓ ਦੇ ਸੀਨੀਅਰ ਮੀਤ ਪ੍ਰਧਾਨ ਸੋਹਣ ਸਿੰਘ ਰੰਧਾਵਾ, ਉਪ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ ਬੀ ਈ), ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਦੀਹਰੇ, ਹਿੰਦੂ ਮੰਦਿਰ ਗਲਾਸਗੋ ਦੇ ਕਮੇਟੀ ਮੈਂਬਰ ਐਂਡਰਿਊ ਲਾਲ, ਅਚਾਰੀਆ ਮੇਧਨੀਪਤਿ ਮਿਸ਼ਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੀਆਂ ਸਖਸ਼ੀਅਤਾਂ ਹਾਜਰ ਸਨ।

Comments are closed, but trackbacks and pingbacks are open.