ਪੰਜਾਬੀਆਂ ਦੀਆਂ ਵੋਟਾਂ ਮੰਗਣ ਲਈ ਅਯੋਗ ਕਰਾਰ ਦਿੱਤਾ
ਨਵੀਂ ਦਿੱਲੀ – ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ 4 ਵਾਰ ਰੱਦ ਕਰਨ ਦੇ ਵਿਰੋਧ ਵਿੱਚ ਜਾਗੋ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਹੈਡਕੁਆਰਟਰ ਮੂਹਰੇ ਰੋਸ਼ ਪ੍ਰਦਰਸਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਸਣੇ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਹੋਏ ਸ਼ਾਂਤਮਈ ਪ੍ਰਦਰਸ਼ਨ ਦੀ ਸ਼ੁਰੂਆਤ ਮਾਤਾ ਸੁੰਦਰੀ ਕਾਲਜ ਤੋਂ ਹੋਈ। ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਪ੍ਰਦਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਅੜਿੱਕੇ ਖੜ੍ਹੇ ਕਰਕੇ ਆਪ ਪਾਰਟੀ ਦੇ ਦਫਤਰ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਲਕੀ ਝੜਪ ਵੀ ਹੋਈ। ਗੁੱਸੇ ਵਿਚ ਆਏ ਪ੍ਰਦਸ਼ਨਕਾਰੀਆਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਾਏ। ਭਾਈ ਭੁੱਲਰ ਦੀ ਰਿਹਾਈ ਦੀ ਮੰਗ ਵਾਲੀ ਤਖਤੀਆਂ ਹਥਾਂ ਵਿੱਚ ਫੜੇ ਮੁਜ਼ਾਹਰਾਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਈ ਭੁੱਲਰ ਦੀ ਨਾਜਾਇਜ਼ ਹਿਰਾਸਤ ਦਾ ਜ਼ਿਮੇਵਾਰ ਠਹਰਾਇਆ।
ਇਸ ਮੌਕੇ ਜੀਕੇ ਨੇ ਕਿਹਾ ਕਿ 2014 ਵਿੱਚ ਕੇਜਰੀਵਾਲ ਨੇ ਦਿੱਲੀ ਦੇ ਸਿੱਖਾਂ ਨੂੰ ਭਾਈ ਭੁੱਲਰ ਦੀ ਰਿਹਾਈ ਲਈ ਰਾਸ਼ਟਰਪਤੀ ਤੱਕ ਪਹੁੰਚ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ। ਪਰ ਹੁਣ 2019 ਵਿੱਚ ਕੇਂਦਰ ਸਰਕਾਰ ਵੱਲੋਂ ਭਾਈ ਭੁੱਲਰ ਦੀ ਰਿਹਾਈ ਨੂੰ ਮਨਜ਼ੂਰੀ ਦੇਣ ਦੇ ਬਾਵਜੂਦ ਦਿੱਲੀ ਸਰਕਾਰ ਦਾ ਸਜਾ ਸਮੀਖਿਆ ਬੋਰਡ 4 ਵਾਰ ਇਸ ਪ੍ਰਵਾਨਗੀ ਨੂੰ ਪਿੱਠ ਵਿਖਾ ਚੁੱਕਿਆ ਹੈ। ਬੋਰਡ ਨੇ 2019 ਵਿੱਚ 1 ਵਾਰ ਤੇ 2020 ਵਿੱਚ 3 ਵਾਰ ਰਿਹਾਈ ਮਤੇ ਨੂੰ ਰੱਦ ਕਰਕੇ ਇਹ ਸਾਬਤ ਕੀਤਾ ਹੈ ਕਿ ਬੋਰਡ ਮਨੁੱਖੀ ਤੇ ਕੈਦੀ ਅਧਿਕਾਰਾਂ ਦੀ ਰਾਖੀ ਕਰਨ ਦੀ ਥਾਂ ਸਿਰਫ਼ ਗੈਰ ਨਿਰਪੱਖਤਾ ਦੀ ਸੋਚ ਨੂੰ ਲਾਗੂ ਕਰਨ ਦਾ ਮਾਧਿਅਮ ਬਣ ਗਿਆ ਹੈ। ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਰਹਿੰਦੇ ਹੋਏ ਕੈਦੀਆਂ ਦੇ ਹੱਕਾਂ ਦੇ ਫੈਸਲੇ ਲੈਣ ਲਈ ਅਸੀਂ ਦਿੱਲੀ ਹਾਈਕੋਰਟ ਤੱਕ ਕੇਜਰੀਵਾਲ ਦੀ ਨਾਲਾਇਕੀ ਕਰਕੇ ਗਏ ਸੀ। ਜਿਸ ਦੇ ਸਿੱਟੇ ਵਜੋਂ ਤਿਹਾੜ ਜੇਲ੍ਹ ਵਿੱਚ 5600 ਸੀਸੀਟੀਵੀ ਕੈਮਰੇ ਲਗਾਉਣ ਤੇ ਜੇਲ੍ਹ ਸਟਾਫ਼ ਵਧਾਉਣ ਦਾ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਆਦੇਸ਼ ਦਿੱਤਾ ਸੀ। ਦਿੱਲੀ ਸਰਕਾਰ ਸਿੱਖ ਕੈਦੀਆਂ ਨਾਲ ਲਗਾਤਾਰ ਵਿਤਕਰਾ ਕਰਦੀ ਰਹੀ ਹੈ। 1984 ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ 7 ਵਾਰ ਪੈਰੋਲ ਤੇ 13 ਵਾਰ ਫਰਲੋ (ਥੋੜੀ ਦੇਰ ਦੀ ਛੁੱਟੀ) ਦੇਂਦੀ ਹੈ। ਪਰ ਬੰਦੀ ਸਿੰਘਾਂ ਨੂੰ ਤਾਂ ਕੋਰੋਨਾ ਮਹਾਂਮਾਰੀ ਵਿੱਚ ਵੀ ਪੈਰੋਲ ਨਹੀਂ ਦਿੰਦੀ। ਇਸ ਸਭ ਦੇ ਬਾਵਜੂਦ ਵੀ ਕੇਜਰੀਵਾਲ ਨੂੰ ਲਗਦਾ ਹੈ ਕਿ ਸਿੱਖ ਉਸਦੀ ਪਾਰਟੀ ਨੂੰ ਪੰਜਾਬ ਵਿੱਚ ਰਾਜ ਸੋਂਪ ਦੇਣਗੇ।
ਜੀਕੇ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਪੰਜਾਬ ਦੇ ਲੋਕ ਸੂਝਵਾਨ ਨਹੀਂ ਹਨ ? ਜਿਹੜਾ ਸਾਡੇ ਬੰਦੀ ਸਿੰਘਾਂ ਦੇ ਕੈਦੀ ਅਧਿਕਾਰਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਪੰਜਾਬ ਕਿਵੇਂ ਸੰਭਾਲ ਸਕਦਾ ਹੈ ? ਜੀਕੇ ਨੇ ਕਿਹਾ ਕਿ ਕੇਜਰੀਵਾਲ ਪੰਜਾਬ, ਪੰਜਾਬੀ, ਸਿੱਖੀ ਤੇ ਬੰਦੀ ਸਿੰਘਾਂ ਦਾ ਦੁਸ਼ਮਣ ਹੈ। ਇਸ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਤੇ ਉਰਦੂ ਭਾਸ਼ਾ ਦੇ ਟੀਚਰਾਂ ਦੀ ਭਰਤੀ ਨੂੰ ਰੋਕਣ ਲਈ ਕੇਜਰੀਵਾਲ ਨੇ ਤੈਅ ਮਾਪਦੰਡਾਂ ਨਾਲ ਛੇੜਛਾੜ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਬੀਬੀਆਂ ਤੇ ਨੌਜਵਾਨਾਂ ਨੇ ਵੀ ਹਾਜ਼ਰੀ ਭਰੀ। ਪ੍ਰਦਸ਼ਨਕਾਰੀਆਂ ਨੂੰ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਪਰਮਜੀਤ ਸਿੰਘ ਰਾਣਾ ਤੇ ਸਤਨਾਮ ਸਿੰਘ ਆਦਿਕ ਨੇ ਵੀ ਸੰਬੋਧਿਤ ਕੀਤਾ।
Comments are closed, but trackbacks and pingbacks are open.