ਬੁੱਢਾ ਦਲ ਦੀ ਪ੍ਰਚਾਰ ਵਹੀਰ ਨੇ ਯੂ.ਕੇ ਦੇ ਗੁਰੂ ਘਰਾਂ ਵਿੱਚ ਗਰਮਤਿ ਸਿਧਾਂਤ ਦੀ ਅਲਖ ਜਗਾਈ

ਸਿੱਖ ਵਾਸਤੇ ਸ਼ਸਤਰ ਅਭਿਆਸ ਤੇ ਸ਼ਾਸਤਰ ਗਿਆਨ ਦੋਵੇਂ ਜ਼ਰੂਰੀ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ – ਗੁਰਦੁਆਰਾ ਸਿੰਘ ਸਭਾ ਸੈਵਨ ਕਿੰਗਜ਼ ਈਸਟ ਲੰਡਨ ਅਤੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੋਂਵਨਟਰੀ ਵਿਖੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਅਯੋਜਿਤ ਕੀਤੇ ਗਏ। ਏਥੇ ਸੰਗਤਾਂ ਸ਼ਸਤਰਾਂ ਦੇ ਦਰਸ਼ਨਾਂ ਲਈ ਹੁੰਮਹੁਮਾ ਕੇ ਪੁਜੀਆਂ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਦੀ ਪ੍ਰਚਾਰ ਵਹੀਰ, ਇੰਗਲੈਂਡ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਕੌਮ ਦੇ ਮਹਾਨ ਜਰਨੈਲ ਬੁੱਢਾ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਸਬੰਧੀ ਬੁੱਢਾ ਦਲ ਦੇ ਇਤਿਹਾਸ, ਗੁਰਮਤਿ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ।

ਇਸ ਸਮੇਂ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸੰਤ ਅਤੇ ਸਿਪਾਹੀ ਦੋਵੇਂ ਗੁਣ ਬਖਸ਼ੇ ਹਨ, ਸੰਤ ਗੁਣ ਦੀ ਪ੍ਰਾਪਤੀ ਵਾਸਤੇ ਸ਼ਾਸਤਰਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਸ੍ਰੀ ਸਰਬਲੋਹ ਗ੍ਰੰਥ ਜੀ ਦੀ ਬਾਣੀ ਦਾ ਅਨਮੋਲ ਖਜ਼ਾਨਾ ਬਖਸ਼ਿਆ ਹੈ। ਉਨ੍ਹਾਂ ਕਿਹਾ ਸੰਤ ਗੁਣ ਦੀ ਰਾਖੀ ਵਾਸਤੇ ਸਤਿਗੁਰਾਂ ਨੇ ਸ਼ਸਤਰ ਵੀ ਬਖਸ਼ੇ ਹਨ। ਉਨ੍ਹਾਂ ਕਿਹਾ ਜੇ ਸ਼ਸਤਰ ਨਾ ਹੋਣ ਤਾਂ ਧਰਮ ਸ਼ਾਸਤਰਾਂ ਦੀ ਰਾਖੀ ਨਹੀਂ ਹੋ ਸਕਦੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਕੇ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੁਕਮ ਕੀਤਾ ਅਤੇ ਆਪ ਦੋ ਤਲਵਾਰਾਂ ਸਜਾਈਆਂ ਮੀਰੀ ਦੀ ਅਤੇ ਪੀਰੀ ਦੀ। ਉਨ੍ਹਾਂ ਕਿਹਾ ਜੇ ਸ਼ਸਤਰ ਪਕੜਨ ਵਾਲਾ ਅਧਰਮੀ ਹੈ ਤਾਂ ਜ਼ੁਲਮ ਕਰੇਗਾ ਪਰ ਜੇ ਸ਼ਸਤਰ ਪਕੜਨ ਵਾਲਾ ਧਰਮੀ ਹੈ ਤਾਂ ਜੁਲਮ ਨੂੰ ਠੱਲ ਪਾ ਦੇਵੇਗਾ। ਉਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤਰ ਸਜਾਵੈ, ਸ਼ਸਤਰਾਂ ਤੋਂ ਬਿਨਾਂ ਇਨਸਾਨ ਭੇਡ ਬਕਰੀ ਦੀ ਨਿਆਈ ਹੈ। ਉਨ੍ਹਾਂ ਕਿਹਾ ਗੁਰੂ ਕੇ ਸਿੱਖ ਨੇ ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਹੈ ਅਤੇ ਸ਼ਸਤਰਾਂ ਨੂੰ ਪੀਰ ਜਾਣ ਕੇ ਸਤਿਕਾਰ ਕਰਨਾ ਹੈ ਉਨ੍ਹਾਂ ਦਸਿਆ ਕਿ ਤਖ਼ਤ ਸਾਹਿਬਾਨਾਂ ਪਰ ਸ਼ਸਤਰਾਂ ਦਾ ਉੱਚੇ ਥੜੇ ਪਰ ਪ੍ਰਕਾਸ਼ ਹੈ ਅਤੇ ਪੂਜਾ ਵੀ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਪੁਰਾਤਨ ਮਰਿਆਦਾ ਨੂੰ ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਸੀਨੇ ਬਸੀਨੇ ਸਾਂਭਿਆ ਹੈ।  

ਇਸ ਮੌਕੇ ਨਾਮਵਰ ਪ੍ਰਸਿੱਧ ਸਿੱਖ ਵਿਦਵਾਨ ਪੰਥਕ ਬੁਲਾਰੇ ਗਿਆਨੀ ਭਗਵਾਨ ਸਿੰਘ ਜੌਹਲ ਨੇ ਕਿਹਾ ਬਾਬਾ ਬਲਬੀਰ ਸਿੰਘ ਜੀ ਨੇ ਬੁੱਢਾ ਦਲ ਗੁਰੂ ਖਾਲਸਾ ਪੰਥ ਦੀ ਅਨਮੋਲ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ, ਸ਼੍ਰੀ ਸਰਬਲੋਹ ਗ੍ਰੰਥ, ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਸ਼ਸਤ੍ਰ ਵਿਦਿਆ ਬੁੱਢਾ ਦਲ ਦੇ ਮੁਖੀਆਂ ਦੇ ਜੀਵਨ ਅਧਾਰਤ ਖੂਬਸੂਰਤ ਕਿਤਾਬਾਂ ਪ੍ਰੰਥ ਪ੍ਰਸਿੱਧ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਦੀ ਸੇਵਾ ਲੈ ਕੇ ਪ੍ਰਚਾਰ ਹਿਤ ਪ੍ਰਕਾਸ਼ਤ ਕਰਵਾਈਆਂ ਹਨ। ਉਨ੍ਹਾਂ ਕਿਹਾ ਦਲ ਪੰਥ ਵਿਚ ਸ਼ਸਤਰ ਵਿਦਿਆ ਦੀ ਸਿਖਲਾਈ ਅੱਜ ਵੀ ਨਿਹੰਗ ਸਿੰਘ ਉਸਤਾਦ ਦੇ ਰਹੇ ਹਨ ਅਤੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਲ ਪੰਥ ਦੇ ਮਹਾਨ ਕਾਰਜਾਂ ਨੂੰ ਸੰਗਤਾਂ ਤਕ ਪਹੁੰਚਾ ਕਰ ਪੰਥ ਦੇ ਪ੍ਰਚਾਰ ਪਾਸਾਰ ਲਈ ਬਹੁਤ ਸੋਹਣਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਕਿਹਾ ਦਲ ਪੰਥ ਵਿਚ ਅੱਜ ਵੀ ਜਿੱਥੇ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਉੱਥੇ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਵੀ ਰੋਜ਼ਾਨਾ ਕਰਵਾਇਆ ਜਾਂਦਾ ਹੈ। ਇਸ ਸਮੇਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੇ ਪ੍ਰਧਾਨ ਸ. ਅਮਰਜੀਤ ਸਿੰਘ ਖੱਟੜਾ, ਵਾਈਸ ਪ੍ਰਧਾਨ ਸ. ਜਗਰੂਪ ਸਿੰਘ ਅਤੇ ਸਟੇਜ ਸਕੱਤਰ ਸ. ਰਿੰਕੀ ਸਿੰਘ, ਗਿਆਨੀ ਜਗਜੀਤ ਸਿੰਘ ਜੱਗੀ ਤੋਂ ਇਲਾਵਾ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਸਨ।

Comments are closed, but trackbacks and pingbacks are open.