ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਯੂ ਐਸ ਡਿਸਟ੍ਰਿਕਟ ਜੱਜ ਜੌਹਨ ਆਰ ਐਡਮਜ ਵੱਲੋਂ ਨਬਾਲਗ ਨਾਲ ਨਜਾਇਜ਼ ਸਬੰਧ ਬਣਾਉਣ ਤੇ ਆਪਣੇ ਕੋਲ ਜਿਨਸੀ ਸ਼ੋਸ਼ਣ ਸਮਗਰੀ ਰਖਣ ਦੇ ਮਾਮਲੇ ਵਿਚ ਸੋਮਈਆ ਰੁਦਰਾ ਨਾਮੀ 42 ਸਾਲਾ ਭਾਰਤੀ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ।
ਸੋਮਈਆ ਵਾਈਟਹਾਲ, ਪੈਨਸਿਲਵਾਨੀਆ ਦਾ ਰਹਿਣ ਹੈ। ਇਹ ਐਲਾਨ ਅਮਰੀਕੀ ਨਿਆਂ ਵਿਭਾਗ ਦੁਆਰਾ ਕੀਤਾ ਗਿਆ ਹੈ। ਜੱਜ ਨੇ ਕੈਦ ਕੱਟਣ ਉਪਰੰਤ ਉਸ ਉਪਰ 10 ਸਾਲ ਲਈ ਨਿਗਰਾਨੀ ਰਖਣ ਦਾ ਆਦੇਸ਼ ਵੀ ਦਿੱਤਾ ਹੈ। ਇਸ ਤੋਂ ਇਲਾਵਾ 50 ਹਜਾਰ ਡਾਲਰ ਜੁਰਮਾਨਾ ਤੇ 17 ਹਜਾਰ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ।
ਅਦਾਲਤੀ ਦਸਤਾਵੇਜ਼ ਅਨੁਸਾਰ 2023 ਵਿਚ ਰੁਦਰਾ ਦੀ ”ਕਿਸ ਕਿਸ” ਨਾਮੀ ਐਪ ਉਪਰ 14 ਸਾਲਾ ਲੜਕੀ ਨਾਲ ਜਾਣ ਪਛਾਣ ਹੋਈ ਸੀ। ਇਸ ਤੋਂ ਬਾਅਦ ਉਹ ਲੜਕੀ ਨਾਲ ਵੀਡੀਓ ਫੋਨ ਰਾਹੀਂ ਗੱਲਬਾਤ ਕਰਦਾ ਰਿਹਾ ਤੇ ਫੋਨ ਉਪਰ ਸੁਨੇਹੇ ਭੇਜਦਾ ਰਿਹਾ। ਨਵੰਬਰ 2023 ਦੇ ਆਖਰ ਵਿਚ ਉਹ ਲੜਕੀ ਨੂੰ ਨਿੱਜੀ ਤੌਰ ‘ਤੇ ਮਿਲਣ ਲਈ ਪੈਨਸਿਲਵਾਨੀਆ ਤੋਂ ਓਹੀਓ ਗਿਆ।
ਉਸ ਨੇ ਮੰਨਿਆ ਕਿ ਉਹ ਲੜਕੀ ਨੂੰ ਹੋਟਲ ਵਿਚ ਲੈ ਕੇ ਗਿਆ ਜਿਥੇ ਉਸ ਨੇ ਉਸ ਨਾਲ ਨਜਾਇਜ਼ ਸਰੀਰਕ ਸਬੰਧ ਬਣਾਏ। ਲੜਕੀ ਦੇ ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਉਪਰੰਤ ਰੁਦਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
Comments are closed, but trackbacks and pingbacks are open.