Edition No: 2734
ਇਕ ਵਿਅਕਤੀ ਦੀ ਮੌਤ ਤੇ 11 ਹੋਰ ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਸੈਲਾਨੀ ਸਥਾਨ ਮਿਰਟਲ ਬੀਚ, ਦੱਖਣੀ ਕੈਰੋਲੀਨਾ ਵਿਚ ਹੋਈ ਗੋਲੀਬਾਰੀ ਵਿਚ 1 ਵਿਅਕਤੀ ਦੇ ਮਾਰੇ ਜਾਣ  ਤੇ 11 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।

ਮਿਰਟਲ ਬੀਚ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ ‘ਤੇ ਪੁਲਿਸ ਸਥਾਨਕ ਸਮੇ ਅਨੁਸਾਰ ਰਾਤ 11.50 ਵਜੇ ਦੇ ਆਸ ਪਾਸ  ਮੌਕੇ ਉਪਰ ਪੁੱਜੀ। ਇਕ ਪੁਲਿਸ ਅਫਸਰ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਇਕ ਵਿਅਕਤੀ ਮਾਰਿਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ।

ਹੌਰੀ ਕਾਊਂਟੀ ਚੀਫ ਡਿਪਟੀ ਕੋਰੋਨਰ ਟਮਾਰਾ ਵਿਲਾਰਡ ਅਨੁਸਾਰ ਮ੍ਰਿਤਕ ਦੀ ਪਛਾਣ 18 ਸਾਲਾ ਜੇਰੀਅਸ ਡੇਵਿਸ ਵਜੋਂ ਹੋਈ ਹੈ ਜੋ ਬੈਨੇਟਸਵਿਲੇ ਦਾ ਰਹਿਣਾ ਵਾਲਾ ਹੈ। ਘਟਨਾ ਦੀ ਜਾਂਚ ਦੱਖਣੀ ਕੈਰੋਲੀਨਾ ਲਾਅ ਇਨਫੋਰਸਮੈਂਟ ਡਵੀਜਨ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਹੈ।