ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ, ਪੈਨਸਿਲਵਾਨੀਆ ਸਮੇਤ ਅਹਿਮ ਰਾਜਾਂ ਵਿਚ ਹੈਰਿਸ ਹਾਰੀ

ਸੈਨੇਟ ਉਪਰ ਵੀ ਰਿਪਬਲੀਕਨ ਕਾਬਜ਼
ਇਹ ਸਾਡੇ ਲਈ ਇਤਿਹਾਸਕ ਦਿਨ,ਅਸੀਂ ਹਰ ਸਮੱਸਿਆ ਦਾ ਹੱਲ ਕਰਾਂਗੇ, ਸਰਹੱਦਾਂ ਕਰਾਂਗੇ ਸੀਲ ਤੇ ਕਾਨੂੰਨੀ ਤਰੀਕੇ ਨਾਲ ਆਉਣ ਵਾਲਿਆਂ ਦਾ ਅਮਰੀਕਾ ਕਰੇਗਾ ਸਵਾਗਤ- ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਾਰੀਆਂ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਉੱਤਰੀ ਕੈਰੋਲੀਨਾ ਪੈਨਸਿਲਵਾਨੀਆ ਤੇ ਜਾਰਜੀਆ ਸਮੇਤ ਹੋਰ ਅਹਿਮ ਰਾਜਾਂ ਜਿਨਾਂ ਵਿਚ ਫਸਵਾਂ ਮੁਕਾਬਲਾ ਦਸਿਆ ਜਾ ਰਿਹਾ ਸੀ, ਵਿਚ ਟਰੰਪ ਜੇਤੂ ਰਹੇ ਹਨ। ਫਲੋਰਿਡਾ, ਓਹਾਈਓ ਤੇ ਟੈਕਸਾਸ ਸਮੇਤ ਰਿਪਬਲੀਕਨਾਂ ਦੇ ਗੜ ਵਾਲੇ ਅਨੇਕਾਂ ਦੱਖਣੀ ਰਾਜਾਂ ਵਿਚ ਵੀ ਉਹ ਜਿੱਤ ਦਾ ਝੰਡਾ ਲਹਿਰਾਉਣ ਵਿਚ ਸਫਲ ਹੋਏ ਹਨ। ਉਨਾਂ ਦੇ ਵਿਰੋਧੀ ਕਮਲਾ ਹੈਰਿਸ ਵਰਮਾਊਂਟ ਤੋਂ ਮੈਰੀਲੈਂਡ ਤੱਕ ਉੱਤਰ ਪੂਰਬ ਦੇ ਕਈ ਰਾਜਾਂ ਵਿਚ ਜਿੱਤੇ ਹਨ। ਹੈਰਿਸ ਨਿਊਯਾਰਕ ਤੇ ਆਪਣੇ ਗ੍ਰਹਿ ਰਾਜ ਕੈਲੀਫੋਰਨੀਆ ਵੀ ਜਿੱਤਣ ‘ਚ ਸਫਲ ਰਹੇ ਹਨ। ਆਖਰੀ ਖਬਰਾਂ ਮਿਲਣ ਤੱਕ ਟਰੰਪ ਨੇ ਲੋੜੀਂਦੀਆਂ ਇਲੈਕਟੋਰਲ ਵੋਟਾਂ 270 ਪ੍ਰਾਪਤ ਕਰ ਲਈਆਂ ਹਨ। ਉਹ 277 ਇਲੈਕਟੋਰਲ ਵੋਟਾਂ ਲਿਜਾਣ ਵਿਚ ਸਫਲ ਰਹੇ ਹਨ ਹਾਲਾਂ ਕਿ ਅਜੇ ਕੁਝ ਰਾਜਾਂ ਦੇ ਨਤੀਜੇ ਆਉਣ ਰਹਿੰਦੇ ਹਨ।

ਇਹ ਇਤਿਹਾਸਕ ਜਿੱਤ-ਟਰੰਪ- ਜਿਉਂ ਹੀ ਅਹਿਮ ਰਾਜ ਪੈਨਸਿਲਵਾਨੀਆ ਜਿਥੇ ਚੋਣ ਸਰਵੇਖਣਾਂ ਵਿਚ ਹੈਰਿਸ ਨੂੰ ਮਾਮੂਲੀ ਬੜਤ ਨਾਲ ਅੱਗੇ ਦਸਿਆ ਜਾ ਰਿਹਾ ਸੀ, ਵਿਚ ਟਰੰਪ ਦੀ ਜਿੱਤ ਦੀ ਖਬਰ ਆਈ ਤਾਂ ਟਰੰਪ ਨੇ ਫਲੋਰਿਡਾ ਵਿਚ ਇਕੱਠੇ ਹੋਏ ਆਪਣੇ ਹਜਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਜਿੱਤ ਹੈ। ਉਨਾਂ ਨੇ ਅਮਰੀਕੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਸਾਡੀ ਲੋੜ ਸੀ। ਇਸ ਲਈ ਇਹ ਜਿੱਤ ਇਤਿਹਾਸਕ ਹੈ। ਉਨਾਂ ਕਿਹਾ ਕਿ ਉਹ ਹਰ ਸਮੱਸਿਆ ਦਾ ਹੱਲ ਕਰਨਗੇ ਤੇ ਅਜਿਹਾ ਅਮਰੀਕਾ ਬਣਾਉਣਗੇ ਜਿਸ ਉਪਰ ਹਰ ਕੋਈ ਮਾਣ ਮਹਿਸੂਸ ਕਰੇਗਾ। ਉਨਾਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਸਰਹੱਦਾਂ ਨੂੰ ਸੀਲ ਕੀਤਾ ਜਾਵੇਗਾ ਤੇ ਕਾਨੂੰਨੀ ਢੰਗ-ਤਰੀਕੇ ਨਾਲ ਅਮਰੀਕਾ ਆਉਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਜਾਵਗਾ। ਟਰੰਪ ਨੇ ਆਪਣੇ 25 ਮਿੰਟਾਂ ਦੇ ਜੇਤੂ ਭਾਸ਼ਣ ਦੌਰਾਨ ਆਪਣੇ ਸਹਾਇਕਾਂ, ਸਮਰਥਕਾਂ ਦੀ ਪ੍ਰਸੰਸਾ ਕੀਤੀ ਤੇ ਆਪਣੇ ਉਪਰ ਹੋਈਆਂ ਦੋ ਜਾਨ ਲੇਵਾ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਉਹ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਮੰਜਿਲ ਤੱਕ ਪਹੁੰਚਣ ਵਿੱਚ ਸਫਲ ਹੋਏ ਹਨ। ਉਨਾਂ ਕਿਹਾ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪ੍ਰਮਾਤਮਾ ਨੇ ਮੈਨੂੰ ਕਿਸੇ ਖਾਸ ਮਕਸਦ ਲਈ ਜੀਂਦਾ ਰਖਿਆ ਹੈ। ਇਹ ਮਕਸਦ ਹੈ ਦੇਸ਼ ਨੂੰ ਬਚਾਉਣਾ ਤੇ ਉਸ ਦੀ ਮਹਾਨਤਾ ਨੂੰ ਬਹਾਲ ਕਰਨਾ। ਉਨਾਂ ਕਿਹਾ ਕਿ ਹੁਣ ਅਸੀਂ ਇਕੱਠੇ ਹੋ ਕੇ ਇਸ ਮਕਸਦ ਨੂੰ ਪੂਰਾ ਕਰਾਂਗੇ। ਟਰੰਪ ਨੇ ਆਪਣੇ ਉੱਪ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਸੈਨੇਟਰ ਜੇ ਡੀ ਵੈਂਸ ਦੀ ਵੀ ਤਰੀਫ ਕੀਤੀ। ਉਨਾਂ ਕਿਹਾ ਕਿ ਸ਼ੁਰੂ ਵਿਚ ਮੈਨੂੰ ਕੁਝ ਝਿਝਕ ਸੀ ਪਰੰਤੂ ਛੇਤੀ ਹੀ ਮੈ ਸਮਝ ਗਿਆ ਸੀ ਕਿ ਮੇਰੀ ਚੋਣ ਬਹੁਤ ਵਧੀਆ ਹੈ। ਵੈਸ਼ ਵੀ ਮੰਚ ਉਪਰ ਮੌਜੂਦ ਸਨ । ਉਨਾਂ ਨੇ ਵੀ ਜਿੱਤ ਲਈ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ।

ਟਰੰਪ 26 ਰਾਜਾਂ ਵਿਚ ਜਿੱਤੇ –

ਜਿਨਾਂ 26 ਰਾਜਾਂ ਵਿਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਉਨਾਂ ਵਿਚ ਅਲਾਬਾਮਾ, ਅਰਕਨਸਾਸ, ਫਲੋਰਿਡਾ, ਜਾਰਜੀਆ, ਇਦਾਹੋ, ਇੰਡਿਆਨਾ, ਲੋਵਾ, ਕੰਸਾਸ, ਕੈਂਟੁਕੀ, ਲੂਇਸਿਆਨਾ, ਮਿੱਸੀਸਿੱਪੀ, ਮਿਸੂਰੀ, ਮੋਨਟਾਨਾ, ਨੈਬਰਸਕਾ, ਉੱਤਰੀ ਕੈਰੋਲੀਨਾ, ਉਹਾਈਓ, ਉੱਤਰੀ ਡਕੋਟਾ, ਓਕਲਾਹੋਮਾ, ਪੈਨਸਿਲਵਾਨੀਆ, ਦੱਖਣੀ ਕੈਰੋਲੀਨਾ, ਦੱਖਣੀ ਡਕੋਟਾ, ਟੈਨੇਸੀ, ਟੈਕਸਾਸ, ਉਟਾਹ, ਪੱਛਮੀ ਵਿਰਜੀਨੀਆ ਤੇ ਵਾਇਓਮਿੰਗ ਸ਼ਾਮਿਲ ਹਨ।

Comments are closed, but trackbacks and pingbacks are open.