ਜਲੰਧਰ ਵਿਖੇ ‘‘ਹਰੀਆਂ ਚਿੜੀਆਂ’’ ਪ੍ਰੋਜੈਕਟ ਤਹਿਤ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਸ਼ਲਾਘਾਯੋਗ ਉਪਰਾਲਾ

ਉੱਘੀਆਂ ਸਖਸ਼ੀਅਤਾਂ ਵਲੋਂ ਰਮਨਦੀਪ ਕੌਰ ਦੀ ਭਰਵੀਂ ਸ਼ਲਾਘਾ

ਜਲੰਧਰ ਦੀ ਸਮਾਜ ਸੇਵੀ ਸੰਸਥਾ ਸ. ਅਜੀਤ ਸਿੰਘ ਫ਼ਾਉਂਡੇਸ਼ਨ ਸੋਸਾਇਟੀ (ਰਜਿ.) ਵੱਲੋਂ ‘ਹਰੀਆਂ ਚਿੱੜੀਆਂ’ ਪ੍ਰੋਜੈਕਟ ਅਧੀਨ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।

ਇਸੇ ਤਹਿਤ ਪਿਛਲੀ ਦਿਨੀਂ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਕੇ 15 ਲੜਕੀਆਂ/ਔਰਤਾਂ ਨੂੰ ਕਟਿੰਗ ਐਂਡ ਟੇਲਰਿੰਗ ਦੀ ਛੇ ਮਹੀਨੇ ਦੀ ਸਿਖਲਾਈ ਮੁਕੰਮਲ ਕਰਨ ‘ਤੇ ਸਰਟੀਫੀਕੇਟ ਅਤੇ ਆਪਣਾ ਕੰਮ ਆਰੰਭ ਕਰਨ ਲਈ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਹ ਸਮਾਗਮ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਵਿੱਚ ਆਯੋਜਿਤ ਕੀਤਾ ਗਿਆ ਕਿਉਂਕਿ ਹੰਸ ਰਾਜ ਮਹਿਲਾ ਮਾਹਾ ਵਿਦਿਆਲਿਆ ਦਾ ਸ. ਅਜੀਤ ਸਿੰਘ ਫਾਉਂਡੇਸ਼ਨ ਨਾਲ ਐਮ ਓ ਯੂ ਕੀਤਾ ਹੋਇਆ ਹੈ ਤਾਂ ਕਿ ਦੋਵੇਂ ਸੰਸਥਾਵਾਂ ਮਿਲਕੇ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਆਪਣਾ ਯੋਗਦਾਨ ਪਾ ਸਕਣ।

ਹਰੀਆਂ ਚਿੱੜੀਆਂ ਪ੍ਰੋਜੈਕਟ ਤਹਿਤ ਇਹ ਸਿਖਲਾਈ ਅਗਸਤ 2021 ਵਿੱਚ ਆਰੰਭ ਹੋਈ ਅਤੇ 31 ਜਨਵਰੀ 2022 ਨੂੰ ਸਮਾਪਤ ਹੋਈ। ਇਸ ਵਿਚ 15 ਔਰਤਾਂ/ਕੁੜੀਆਂ ਨੂੰ ਬੇਹਤਰੀਨ ਸਿਖਲਾਈ ਦੇਣ ਲਈ ਫੈਸ਼ਨ ਡਜ਼ਾਇਨਿੰਗ ਦੀ ਡਿਗਰੀ ਵਾਲੀ ਟ੍ਰੇਨਰ ਨੂੰ ਨਿਯੁਕਤ ਕੀਤਾ ਗਿਆ। ਇਸ ਟ੍ਰੇਨਿੰਗ ਲਈ ਹੰਸ ਰਾਜ ਮਹਿਲਾ ਮਾਹਾ ਵਿਦਿਆਲਿਆ ਦੇ ਫੈਸ਼ਨ ਡਜ਼ਾਇਨਿੰਗ ਵਿਭਾਗ ਵੱਲੋਂ ਸਲੇਬਸ ਬਣਾਉਣ ਅਤੇ ਛੇ ਮਹੀਨੇ ਲਈ ਦਿੱਤੀ ਜਾ ਰਹੀ ਸਿਖਲਾਈ ਦਾ ਨਰੀਖਣ ਕੀਤਾ ਗਿਆ ਅਤੇ ਰਾਹ ਵੀ ਰੁਸ਼ਨਾਇਆ ਗਿਆ ਜਿਸ ਸਦਕਾ ਸਿਖਿਆਰਥੀਆਂ ਨੂੰ ਸਿਖਲਾਈ ਲੈਣ ਵਿੱਚ ਬਹੁਤ ਸਹਿਯੋਗ ਮਿਲਿਆ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਤੋਂ 150 ਰੁਪਏ ਮਹੀਨਾ ਫੀਸ ਲਈ ਗਈ ਅਤੇ ਬਾਕੀ ਹਰ ਤਰ੍ਹਾਂ ਦਾ ਸਮਾਨ ਸਮਾਜ ਸੇਵੀ ਸੰਸਥਾ ਵੱਲੋਂ ਮੁਹਈਆਂ ਕਰਵਾਇਆ ਗਿਆ, ਸਿਖਿਆਰਥੀਆਂ ਦਾ ਕਪੜੇ, ਧਾਗੇ ਆਦਿ ਖਰੀਦਣ ਤੱਕ ਦਾ ਖਰਚਾ ਵੀ ਸੰਸਥਾ ਵੱਲੋਂ ਕੀਤਾ ਗਿਆ ਤਾਂ ਕਿ ਉਨ੍ਹਾਂ ਉਪਰ ਆਰਥਿਕ ਬੋਝ ਨਾ ਪਾਇਆ ਜਾਵੇ।

ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ‘ਤੇ ਡਾ ਸ਼੍ਰੀਮਤੀ ਅਜੇ ਸਰੀਨ ਪ੍ਰਿੰਸੀਪਲ ਹੰਸ ਰਾਜ ਮਹਿਲਾ ਮਾਹਾ ਵਿਦਿਆਲਿਆ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸਮਾਜ ਸੇਵੀਕਾ ਅਤੇ ਲੇਖਕ ਸ਼੍ਰੀਮਤੀ ਪ੍ਰਵੀਨ ਅਬਰੋਲ ਹਾਜ਼ਰ ਸਨ।ਰਿਤੂ ਮਦਾਨ, ਪ੍ਰੈਜ਼ੀਡੈਂਟ ਈਨਰਵ੍ਹੀਲ ਕਲੱਬ, ਅਤੇ ਮੀਨਾਕਸ਼ੀ ਚੂਰਾ, ਐਡੀਟਰ ਈਨਰਵ੍ਹੀਲ ਕਲੱਬ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਲੜਕੀਆਂ ਨੂੰ ਦਿੱਤੀਆਂ ਗਈਆਂ ਸਲਾਈ ਮਸ਼ੀਨਾਂ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਮੈਡਮ ਮੀਨਾਕਸ਼ੀ ਸਿਆਲ, ਐਚ.ਐਮ.ਵੀ. ਕਾਲਜੀਏਟ ਦੇ ਪ੍ਰਿੰਸੀਪਲ ਅਤੇ ਡਾ. ਅੰਜਨਾ ਭਾਟੀਆ ਵੱਲੋਂ ਇਸ ਪ੍ਰੋਜੈਕਟ ਲਈ ਬਹੁਤ ਸਹਿਯੋਗ ਦਿੱਤਾ ਗਿਆ। ਇਸ ਪ੍ਰੋਜੈਕਟ ਤਹਿਤ ਦਿੱਤੀਆ ਗਈਆਂ ਮਸ਼ੀਨਾਂ ਲਈ ਮੈਡਮ ਸਰਵਿੰਦਰ ਕੌਰ, ਅਦਾਰਾ ਅਜੀਤ ਪਬਲੀਕੇਸ਼ਨ, ਡਾ ਸ਼੍ਰੀਮਤੀ ਅਜੇ ਸਰੀਨ, ਪ੍ਰਵੀਨ ਅਬਰੋਲ, ਮੀਨਾਕਸ਼ੀ ਸਿਆਲ, ਰਿਤੂ ਮਦਾਨ, ਮਨੀਸ਼ਾ ਸ਼ਰਮਾ, ਮੈਡਮ ਉਰਵਸ਼ੀ ਅਤੇ ਅੰਜਨਾ ਭਾਟੀਆ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ਹਰੀਆਂ ਚਿੜੀਆਂ ਦੀਆਂ ਮੈਂਬਰਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ।

ਸ. ਅਜੀਤ ਸਿੰਘ ਫਾਉਂਡੇਸ਼ਨ ਸੋਸਾਇਟੀ ਦੀ ਪ੍ਰਧਾਨ ਰਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਪ੍ਰੋਜੈਕਟ ਲਈ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਡਾ ਸ਼੍ਰੀਮਤੀ ਅਜੇ ਸਰੀਨ ਨੇ ਇਸ ਪ੍ਰੋਜੈਕਟ ਅਤੇ ਰਮਨਪ੍ਰੀਤ ਕੌਰ ਦੀ ਸਰਾਹਨਾ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੇ ਕੰਮਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਵੀਨ ਅਬਰੋਲ ਜੀ ਨੇ ਇਸ ਪ੍ਰੋਜੈਕਟ ਅਧੀਨ ਸਿਖਲਾਈ ਲੈਣ ਵਾਲੀਆਂ ਲੜਕੀਆਂ ਨੂੰ ਉਤਸਾਹਿਤ ਕੀਤਾ ਅਤੇ 3100 ਸ਼ਗਨ ਵੱਜੋਂ ਦੇ ਕੇ ਹੌਸਲਾ ਅਫਜ਼ਾਈ ਕੀਤੀ।

Comments are closed, but trackbacks and pingbacks are open.