ਗੀਤਕਾਰੀ ਦਾ ਬਾਦਸ਼ਾਹ ਜੰਡੂ ਲਿੱਤਰਾਂਵਾਲਾ ਸਦੀਵੀ ਵਿਛੋੜੇ ਦੇ ਗਏ

ਅਨੇਕਾਂ ਗਾਇਕਾਂ ਨੇ ਦਿੱਤੀ ਸੀ ਕਲਮ ਨੂੰ ਅਵਾਜ਼

ਵੁਲਵਰਹੈਂਪਟਨ – ਵਿਸ਼ਵ ਪ੍ਰਸਿੱਧ ਅਤੇ ਗੀਤਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਗੀਤਕਾਰ ਹਰਬੰਸ ਸਿੰਘ ਜੰਡੂ (ਲਿੱਤਰਾਂਵਾਲੇ) ਬੀਤੇ ਸ਼ਨੀਵਾਰ 8 ਮਾਰਚ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਦੁਆਬੇ ਦੇ ਮਸ਼ਹੂਰ ਪਿੰਡ ਲਿੱਤਰਾਂ ਵਿੱਚ ਜੰਡੂ ਦਾ ਜਨਮ 1943 ਨੂੰ ਹੋਇਆ ਸੀ ਅਤੇ ਉਹ 1966 ਵਿੱਚ ਯੂ.ਕੇ ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਆਣ ਵਸੇ ਸਨ। ਹਰਬੰਸ ਸਿੰਘ ਨੂੰ ਲਿਖਣ ਦਾ ਸ਼ੌਕ ਸੀ ਅਤੇ ਉਨ੍ਹਾਂ ਨੇ 1968 ਵਿੱਚ ‘ਦੇਸ ਪ੍ਰਦੇਸ’ ਅਖ਼ਬਾਰ ਵਿੱਚ ਗੀਤ ਲਿਖਣ ਦਾ ਮੁਕਾਬਲਾ ਜਿੱਤਿਆ ਸੀ ਜਿਸ ਦੇ ਬੋਲ ਸਨ ‘‘ਨੱਚਦੀ ਦੀ ਫ਼ੋਟੋ ਖਿੱਚ ਮੁੰਡਿਆ’’ ਜਿਸ ਤੋਂ ਉਤਸ਼ਾਹਿਤ ਹੋ ਕੇ ਜੰਡੂ ਨੇ ਚੜ੍ਹਦੇ ਤੋਂ ਚੜ੍ਹਦੇ ਗਾਣੇ ਲਿਖੇ ਜੋ ਪੁਰਾਣੇ ਅਤੇ ਨਵੇਂ ਗਾਇਕਾਂ ਨੇ ਗਾ ਕੇ ਪ੍ਰਸਿੱਧੀ ਹਾਸਲ ਕੀਤੀ।

ਉਨ੍ਹਾਂ ਦੇ ਗੀਤ ‘‘ਗਿੱਧਿਆਂ ਦੀ ਰਾਣੀਏ’’ ਨੂੰ ਏ.ਐੱਸ. ਕੰਗ ਨੇ ਅਵਾਜ਼ ਦਿੱਤੀ ਸੀ ਜੋ ਇਕ ਵੱਖਰੀ ਛਾਪ ਛੱਡ ਗਿਆ ਸੀ। ਪਰਮਜੀਤ ਪੰਮੀ ਨੇ ‘‘ਜੱਟੀ ਬੁਲਬੁਲ ਵਰਗੀ’’ ਗਾਇਆ ਜੋ ਨਵਾਂ ਮੀਲ ਪੱਥਰ ਗੱਡ ਗਿਆ। ਉਨ੍ਹਾਂ ਨੇ ਗੀਤਾਂ ਨੂੰ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਅਤੇ ਕਾਮਯਾਬੀ ਹਾਸਲ ਕਰ ਗਏ। ਨਵੇਂ ਪੂਰ ਦੇ ਗਾਇਕਾਂ ਵਿਚੋਂ ਜੈਜ਼ੀ ਬੀ ਨੇ ‘‘ਕਿਹੜਾ ਕੰਮ ਪਿਆ ਸੂਰਮਾ’’ ਵੀ ਗਾਇਆ।

ਹਰਬੰਸ ਸਿੰਘ ਜੰਡੂ ਦਾ ‘‘ਦੇਸ ਪ੍ਰਦੇਸ’’ ਨਾਲ 1967 ਤੋਂ ਲੈ ਕੇ 2024 ਤੱਕ ਨਿੱਘਾ ਪਿਆਰ ਰਿਹਾ ਅਤੇ ਉਨ੍ਹਾਂ ਦੇ ਗੀਤ ‘ਦੇਸ ਪ੍ਰਦੇਸ’ ਵਿੱਚ ਲਗਾਤਾਰ ਛਪਦੇ ਰਹੇ ਸਨ। ਪਿਛਲੇ ਸਾਲ ਦੇ ਅੰਤ ਤੱਕ ਉਨ੍ਹਾਂ ਦਾ ਬੇਟਾ ਈ-ਮੇਲ ਰਾਹੀਂ ਗੀਤ ਭੇਜਦਾ ਰਿਹਾ ਅਤੇ ‘ਦੇਸ ਪ੍ਰਦੇਸ’ ਛਾਪਦਾ ਰਿਹਾ।
ਜੰਡੂ ਦਾ ਸਹਿਤਕਾਰਾਂ ਵਿੱਚ ਵਿਸ਼ੇਸ਼ ਮਾਣ ਸਤਿਕਾਰ ਸੀ ਅਤੇ ਉਹ ਹਰੇਕ ਮਹਿਫ਼ਲ ਦਾ ਸ਼ਿੰਗਾਰ ਬਣਦਾ ਰਿਹਾ। ਗੀਤਕਾਰ ਹੋਰ ਵੀ ਆਏ ਅਤੇ ਗਏ ਪਰ ਕੁਝ ਚੋਣਵੇਂ ਗੀਤਕਾਰਾਂ ਵਿੱਚ ਹਰਬੰਸ ਜੰਡੂ ਦਾ ਨਾਮ ਸ਼ੁਮਾਰ ਹੈ ਜਿਸ ਦੇ ਗੀਤਾਂ ਨੂੰ ਲੋਕ ਰਹਿੰਦੀ ਦੁਨੀਆ ਤੱਕ ਪਿਆਰ ਦਿੰਦੇ ਰਹਿਣਗੇ।

ਅਦਾਰਾ ‘ਦੇਸ ਪ੍ਰਦੇਸ’ ਕਲਮ ਦੇ ਧਨੀ ਹਰਬੰਸ ਸਿੰਘ ਜੰਡੂ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ।

Comments are closed, but trackbacks and pingbacks are open.