ਗ੍ਰੇਵਜੈਂਡ ਕੈਂਟ ਕੌਂਸਲ ਦੇ ਸਿਵਿਕ ਸੈਂਟਰ ਵਿਖੇ ਕੇਸਰੀ ਝੰਡਾ ਲਹਿਰਾਉਣ ਦੀ ਰਸਮ ਹੋਈ

ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਰਸਮ ਸਮੇਂ ਸ਼ਿਰਕਤ ਕੀਤੀ

ਗ੍ਰੇਵਜੈਂਡ ਕੈਂਟ (ਮਨਦੀਪ ਖੁਰਮੀ ਹਿੰਮਤਪੁਰਾ) – ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ ‘ਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਗ੍ਰੇਵਜੈਂਡ ਕੈਂਟ ਦੀ ਪ੍ਰਬੰਧਕ ਕਮੇਟੀ ਵੱਲੋਂ ਕੌਂਸਲ ਦੇ ਸਿਵਿਕ ਸੈਂਟਰ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਸ ਸਮਾਗਮ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਸ਼ਬਦ ਕੀਰਤਨ ਗਾਇਨ ਕੀਤੇ। ਛੋਟੀ ਉਮਰ ਤੋਂ ਲੈ ਕੇ ਵਡੇਰੀ ਉਮਰ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ।

ਇਸ ਮੌਕੇ ‘ਤੇ ਗ੍ਰੇਵਸ਼ਮ ਦੇ ਮੈਂਬਰ ਪਾਰਲੀਮੈਂਟ ਲਾਰੇਨ ਸੁਲੀਵਨ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰੂਘਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਇਸ ਸਮੇਂ ਸੰਗਤਾਂ ਲਈ ਸਮੋਸਿਆਂ, ਪਕੌੜਿਆਂ ਦੀ ਸੇਵਾ ਅਪੋਲੋ ਟੈਕਸੀ ਦੇ ਮਾਲਕ ਕੁਲਦੀਪ ਸਿੰਘ ਤੇ ਪਰਿਵਾਰ ਵੱਲੋਂ ਕੀਤੀ ਗਈ।

ਮੈਂਬਰ ਪਾਰਲੀਮੈਂਟ ਲਾਰੇਨ ਸੁਲੀਵਨ ਨੇ ਵਿਸਾਖੀ ਦੇ ਤਿਓਹਾਰ ਸੰਬੰਧੀ ਸਿੱਖ ਭਾਈਚਾਰੇ ਨੂੰ ਵਧਾਈ ਪੇਸ਼ ਕੀਤੀ। ਕੇਸਰੀ ਝੰਡਾ ਲਹਿਰਾਉਣ ਦੀ ਰਸਮ ਸਮੇਂ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਦਿਨ ਹੋਰ ਵੀ ਅਹਿਮ ਬਣਾ ਦਿੱਤਾ। ਕੌਂਸਲਰ ਰਾਜਿੰਦਰ ਸਿੰਘ ਅਟਵਾਲ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਗ੍ਰੇਵਜੈਂਡ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਤਨਦੇਹੀ ਨਾਲ ਕੰਮ ਕੀਤੇ ਜਾਣ ਦਾ ਹੀ ਪੁਖਤਾ ਸਬੂਤ ਹੈ ਕਿ ਇਸ ਰਸਮ ਸਮੇਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਸਮੂਹ ਸੰਗਤਾਂ, ਪ੍ਰਬੰਧਕ ਕਮੇਟੀ, ਮੈਂਬਰ ਪਾਰਲੀਮੈਂਟ, ਸਥਾਨਕ ਕੌਂਸਲ ਅਧਿਕਾਰੀਆਂ, ਕੀਰਤਨੀਏ ਸਿੰਘਾਂ ਆਦਿ ਦਾ ਵੀ ਹਾਰਦਿਕ ਧੰਨਵਾਦ ਕੀਤਾ।

Comments are closed, but trackbacks and pingbacks are open.