ਕਰੋਨਾ ਨੇ ਬਰਤਾਨਵੀ ਏਅਰਪੋਰਟਾਂ ਦੀ ਆਰਥਿੱਕ ਹਾਲਤ ਮੰਦੀ ਕੀਤੀ

ਹਜ਼ਾਰਾਂ ਬੇਰੋਜ਼ਗਾਰ ਹੋ ਗਏ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿੱਚ ਲੱਖਾਂ ਲੋਕਾਂ ਦੀ ਜਾਨ ਲੈਣ ਦੇ ਨਾਲ ਨਾਲ ਲੱਖਾਂ ਹੀ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਲੋਕਾਂ ਨੂੰ ਨੌਕਰੀਆਂ ਤੋਂ ਵੀ ਵਾਂਝੇ ਕੀਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਹਵਾਈ ਯਾਤਰਾ ਅਤੇ ਇਸ ਨਾਲ ਜੁੜੀਆਂ ਨੌਕਰੀਆਂ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈਆਂ ਹਨ। ਸਕਾਟਲੈਂਡ ਦੇ ਹਾਵਾਈ ਅੱਡੇ ਵੀ ਕੋਰੋਨਾ ਦੀ ਇਸ ਮਾਰ ਤੋਂ ਬਚੇ ਨਹੀਂ ਹਨ।

ਅੰਕੜਿਆਂ ਅਨੁਸਾਰ ਕੋਰੋਨਾ ਦੌਰਾਨ ਸਕਾਟਲੈਂਡ ਦੇ ਹਵਾਈ ਅੱਡਿਆਂ ‘ਤੇ ਤਕਰੀਬਨ 4400 ਲੋਕਾਂ ਦੀਆਂ ਨੌਕਰੀਆਂ ਖਤਮ ਹੋਈਆਂ ਹਨ ਅਤੇ ਕੋਰੋਨਾ ਪਾਬੰਦੀਆਂ ਕਰਕੇ ਲੋਕਾਂ ਵਿੱਚ ਸਕਾਟਲੈਂਡ ਪ੍ਰਤੀ ਪਹਿਲਾਂ ਵਾਲੀ ਖਿੱਚ ਵੀ ਨਹੀਂ ਰਹੀ।

ਕੋਵਿਡ -19 ਨੇ ਮਾਰਚ 2020 ਵਿੱਚ ਅੰਤਰਰਾਸ਼ਟਰੀ ਯਾਤਰਾ ਨੂੰ ਲਗਭਗ ਪੂਰੀ ਤਰ੍ਹਾਂ ਰੋਕਣ ਤੋਂ ਬਾਅਦ ਗਲਾਸਗੋ, ਐਡਿਨਬਰਾ ਅਤੇ ਐਬਰਡੀਨ ਹਵਾਈ ਅੱਡਿਆਂ ‘ਤੇ ਲਗਭਗ 4400 ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ ਹੈ। ਇਸ ਸਬੰਧ ਵਿੱਚ ਹੋਈ ਸਕਾਟਿਸ਼ ਅਫੇਅਰਜ਼ ਕਮੇਟੀ ਦੀ ਮੀਟਿੰਗ ਅਨੁਸਾਰ 2025/26 ਤੱਕ ਅਧਿਕਾਰੀਆਂ ਨੂੰ ਆਮ ਵਾਂਗ ਅੰਤਰਰਾਸ਼ਟਰੀ ਯਾਤਰਾ ਦੀ ਵਾਪਸੀ ਦੀ ਉਮੀਦ ਨਹੀਂ ਹੈ।

ਗਲਾਸਗੋ ਅਤੇ ਐਬਰਡੀਨ ਹਵਾਈ ਅੱਡਿਆਂ ਦੀ ਮਾਲਕੀ ਵਾਲੀ ਕੰਪਨੀ ਏ ਜੀ ਐਸ ਏਅਰਪੋਰਟਸ ਲਿਮਟਿਡ ਦੇ ਸੰਚਾਰ ਨਿਰਦੇਸ਼ਕ ਬ੍ਰਾਇਨ ਮੈਕਲੀਨ ਅਨੁਸਾਰ ਕੋਵਿਡ ਨੇ ਹਵਾਈ ਉਦਯੋਗ ਨੂੰ ਦਹਾਕਿਆਂ ਪਿੱਛੇ ਧਕੇਲ ਕੀਤਾ ਹੈ।

Comments are closed, but trackbacks and pingbacks are open.