ਜਨਤਕ ਤੌਰ ’ਤੇ ਮੁਆਫ਼ੀ ਮੰਗੀ
ਲੰਡਨ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 2020 ਵਿੱਚ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਮੁਆਫ਼ੀ ਮੰਗੀ ਹੈ। ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੁਝ ਚੀਜ਼ਾਂ ਨੂੰ ਸਹੀ ਨਹੀਂ ਲਿਆ ਗਿਆ ਸੀ। ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦੀ ਡਾਊਨਿੰਗ ਸਟ੍ਰੀਟ ਰਿਹਾਇਸ਼ ਦੇ ਬਗੀਚੇ ਵਿੱਚ ਪਾਰਟੀ ਕਰਕੇ ਜਾਨਸਨ ਅਤੇ ਉਸ ਦੇ ਸਟਾਫ਼ ਵੱਲੋਂ ਮਹਾਮਾਰੀ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦਾਅਵਿਆਂ ਨੂੰ ਲੈ ਕੇ ਪੀ. ਐੱਮ. ਬੋਰਿਸ ਜਨਤਾ ਅਤੇ ਸਿਆਸਤਦਾਨਾਂ ਦੇ ਗੁੱਸੇ ਦਾ ਸਾਹਣਾ ਕਰਨਾ ਪਿਆ ਹੈ।
ਜਾਨਸਨ ਨੇ ਪਹਿਲੀ ਵਾਰ ਮੰਨਿਆ ਕਿ ਉਹ ਮਈ 2020 ਵਿੱਚ ਗਾਰਡਨ ਪਾਰਟੀ ਵਿੱਚ ਸੀ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਉਹ ਇਸ ਨੂੰ ਕੰਮ ਨਾਲ ਸਬੰਧਤ ਆਯੋਜਨ ਸਮਝਦਾ ਹੈ। ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ’ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਇਹ ਅਗਾਂਹਵਾਧੂ ਸੋਚ ਨਹੀਂ ਸੀ ਮੈਨੂੰ ਪਾਰਟੀ ਵਿੱਚ ਸਾਰਿਆਂ ਨੂੰ ਵਾਪਸ ਭੇਜਣਾ ਚਾਹੀਦਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਹਾਊਸ ਆਫ਼ ਕਾਮਨਜ਼ ਵਿੱਚ ਹਫ਼ਤਾਵਾਰੀ ਸਵਾਲ-ਜਵਾਬ ਸੈਸ਼ਨ ਦੌਰਾਨ ਜਾਨਸਨ ਦੀ ਇਹ ਪਹਿਲੀ ਜਨਤਕ ਹਾਜ਼ਰੀ ਸੀ। ਰਿਪੋਰਟਾਂ ਮੁਤਾਬਿਕ ਜਾਨਸਨ ਨੇ ਆਪਣੀ ਪਤਨੀ ਕੈਰੀ ਦੇ ਨਾਲ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਿਲ ਹੋ ਕੇ ਦੇਸ਼ ਦੇ ਕੋਵਿਡ-19 ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈ-ਮੇਲ ਰਾਹੀਂ ਸੱਦਾ ਪੱਤਰ ਭੇਜੇ ਗਏ ਹਨ। ਇਹ ਮੇਲ ਕਥਿਤ ਤੌਰ ’ਤੇ ਜਾਨਸਨ ਦੇ ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ ਭੇਜਿਆ ਗਿਆ ਸੀ। ਹਾਲਾਂਕਿ, ਉਸ ਸਮੇਂ ਦੇਸ਼ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਲਈ ਸਿਰਫ਼ ਆਪਣੇ ਘਰਾਂ ਵਿੱਚ ਆਯੋਜਨ ਕਰਨ ਜਾਂ ਕਿਸੇ ਹੋਰ ਘਰ ਦੇ ਵਿਅਕਤੀ ਨੂੰ ਮਿਲਣ ਦਾ ਨਿਯਮ ਸੀ। ਜਿਸ ਦਿਨ ਪਾਰਟੀ ਹੋਈ ਸੀ, 10 ਡਾਊਨਿੰਗ ਸਟ੍ਰੀਟ ’ਤੇ ਕੋਰੋਨਾ ਵਾਇਰਸ ਬ੍ਰੀਫਿੰਗ ਦੌਰਾਨ, ਯੂ.ਕੇ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਜਨਤਕ ਸਥਾਨ ’ਤੇ ਕਿਸੇ ਨੂੰ ਮਿਲ ਸਕਦੇ ਹੋ, ਬਸ਼ਰਤੇ ਤੁਹਾਡੇ ਵਿਚਕਾਰ ਦੋ ਮੀਟਰ ਦੀ ਦੂਰੀ ਹੋਵੇ।
Comments are closed, but trackbacks and pingbacks are open.