ਅਮਰੀਕੀ ਰਾਜਨੀਤੀ ਵਿਚ ਕਮਲਾ ਹੈਰਿਸ ਇਤਿਹਾਸ ਰਚਣ ਵੱਲ, ਮੁਹਿੰਮ ਲਈ ਆਮ ਲੋਕਾਂ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਹਨ ਕਰੋੜਾਂ ਡਾਲਰ

ਅਗਲੇ ਮਹੀਨੇ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਵੀ ਪਾਰਟੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ ‘ਤੇ ਲੱਗ ਸਕਦੀ ਹੈ ਮੋਹਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕੀ ਰਾਜਨੀਤੀ ਵਿਚ  ਇਤਿਹਾਸ ਰਚਣ ਵੱਲ ਵਧ ਰਹੀ ਹੈ। ਉਹ ਪਹਿਲਾਂ ਵੀ ਉੱਪ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਚੁੱਕੀ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੋਣ ਨਾ ਲੜਣ ਤੇ ਰਾਸ਼ਟਰਪਤੀ ਉਮੀਦਵਾਰ ਵਜੋਂ ਕਮਲਾ ਹੈਰਿਸ ਦਾ ਨਾਂ ਐਲਾਣਨ ਤੋਂ ਬਾਅਦ ਉਸ ਦੇ ਸਮਰਥਨ ਵਿਚ ਬਹੁਤ ਸਾਰੇ ਪਾਰਟੀ ਆਗੂ ਆ ਗਏ ਹਨ । ਸੰਭਾਵਨਾ ਹੈ ਕਿ ਅਗਲੇ ਕੁਝ ਦਿਨਾਂ ਦੌਰਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਪਾਰਟੀ ਪ੍ਰਵਾਨ ਕਰ ਲਵੇਗੀ ਹਾਲਾਂ ਕਿ ਅਗਲੇ ਮਹੀਨੇ 19 ਅਗਸਤ ਨੂੰ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਵਿਚ ਰਾਸ਼ਟਰਪਤੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ ‘ਤੇ ਰਸਮੀ ਮੋਹਰ ਲਾਈ ਜਾਣੀ ਹੈ। ਉਹ ਪਹਿਲੀ ਅਫਰੀਕੀ -ਅਮਰੀਕੀ, ਪਹਿਲੀ ਏਸ਼ੀਅਨ ਅਮਰੀਕੀ ਤੇ ਪਹਿਲੀ ਭਾਰਤੀ ਅਮਰੀਕੀ ਔਰਤ ਹੋਵੇਗੀ ਜੋ ਅਮਰੀਕਾ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਹੋਵੇਗੀ। ਜੇਕਰ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ। ਹੈਰਿਸ ਨੂੰ ਰਾਸ਼ਟਰਪਤੀ ਬਾਈਡਨ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਚੋਟੀ ਦੇ ਪਾਰਟੀ ਆਗੂਆਂ ਦਾ ਸਮਰਥਨ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਅਨੇਕਾਂ ਹੋਰ ਸੰਸਦ ਮੈਂਬਰ ਤੇ ਪਾਰਟੀ  ਅਹੁੱਦੇਦਾਰ ਉਨਾਂ ਦੇ ਸਮਰਥਨ ਵਿਚ  ਆ ਗਏ ਹਨ। ਉੱਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਕੈਲੀਫੋਰਨੀਆ ਦੇ ਅਟਾਰਨੀ ਜਰਨਲ ਵਜੋਂ ਦੋ ਵਾਰ ਜਿੱਤ ਚੁੱਕੀ ਹੈ। 2016 ਵਿਚ ਉਸ ਨੇ ਯੂ ਐਸ ਸੈਨੇਟ ਦੀ ਚੋਣ ਜਿੱਤੀ ਸੀ। ਇਸੇ ਸਾਲ ਹੀ ਡੋਨਲਡ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।

ਰਾਸ਼ਟਰਪਤੀ ਮੁਹਿੰਮ ਲਈ ਫੰਡਾਂ ਦਾ ਹੜ– ਜੋ ਬਾਈਡਨ ਵੱਲੋਂ ਰਾਸ਼ਟਰਪਤੀ ਦੇ  ਅਹੁੱਦੇ ਲਈ ਕਮਲਾ ਹੈਰਿਸ ਦਾ ਨਾਂ  ਐਲਾਣਨ ਤੋਂ ਬਾਅਦ ਇਕ ਦਿਨ ਤੋਂ ਵੀ ਘਟ ਸਮੇ ਵਿਚ ਉਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ496 ਲੱਖ ਡਾਲਰ ਇਕੱਠੇ ਹੋਏ ਹਨ। ਇਹ ਜਾਣਕਾਰੀ ਬਾਈਡਨ ਦੀ ਮੁਹਿੰਮ ਦੇ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਅਨੁਸਾਰ ਵੱਡੀ ਗੱਲ ਇਹ ਹੈ ਕਿ ਇਹ ਫੰਡ ਕਿਸੇ ਵੱਡੇ ਅਦਾਰੇ ਜਾਂ ਅਮੀਰ ਵਿਅਕਤੀਆਂ ਵੱਲੋਂ ਨਹੀਂ ਬਲਕਿ ਪਾਰਟੀ ਦੇ ਜ਼ਮੀਨੀ ਪੱਧਰ ਦੇ ਸਮਰਥਕਾਂ ਅਰਥਾਤ ਆਮ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਹਰ ਰੋਜ ਕਰੋੜਾਂ ਡਾਲਰ ਇਕੱਠੇ ਹੋ ਰਹੇ ਹਨ।

Comments are closed, but trackbacks and pingbacks are open.