ਛੋਟੀਆਂ ਗੱਲਾਂ ਪਿੱਛੇ ਹੋਈਆਂ ਲੜਾਈਆਂ ਕਤਲਾਂ ਤੱਕ ਪਹੁੰਚ ਜਾਂਦੀਆਂ ਹਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਵੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਵਿੱਚ ਬਰਦਾਸ਼ਤ ਦਾ ਮਾਦਾ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਗੰਭੀਰ ਲੜਾਈ ਝਗੜੇ ਹੋ ਰਹੇ ਹਨ। ਗੱਡੀ ਨੂੰ ਰਸਤਾ ਨਾ ਦੇਣ ਅਤੇ ਘਰ ਅੱਗੇ ਪਾਰਕਿੰਗ ਕਰਨ ਵਰਗੀਆਂ ਛੋਟੀਆਂ ਗੱਲਾਂ ਤੋਂ ਕਈ ਥਾਈਂ ਕਤਲ ਹੋ ਚੁੱਕੇ ਹਨ। ਪਿੰਡਾਂ ਵਿੱਚ ਖੇਤਾਂ ਦੀਆਂ ਵੱਟਾਂ ਵੱਢਣ ਅਤੇ ਨਹਿਰੀ ਪਾਣੀ ਦੀ ਵਾਰੀ ਤੋਂ ਖੂਨੀ ਲੜਾਈਆਂ ਹੋ ਜਾਂਦੀਆਂ ਹਨ। ਕੁਝ ਸਾਲ ਪਹਿਲਾਂ ਮੁਕਤਸਰ ਜਿਲ੍ਹੇ ਦੇ ਲੰਬੀ ਥਾਣੇ ਵਿੱਚ ਆਪਣੀ ਵਾਰੀ ਤੋਂ ਸਿਰਫ ਪੰਦਰਾਂ ਮਿੰਟ ਪਹਿਲਾਂ ਨਹਿਰੀ ਪਾਣੀ ਵੱਢ ਲੈਣ ਕਾਰਨ ਪੰਜ ਕਤਲ ਹੋਏ ਸਨ। ਤਿੰਨ ਬੰਦੇ ਇੱਕ ਧਿਰ ਅਤੇ ਦੋ ਬੰਦੇ ਦੂਸਰੀ ਧਿਰ ਦੇ ਮਾਰੇ ਗਏ ਸਨ। ਖੇਡਦੇ ਸਮੇਂ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਵਿੱਚ ਵੱਡੇ ਕੁੱਦ ਪੈਂਦੇ ਹਨ ਤੇ ਸਿਰ ਪਾਟ ਜਾਂਦੇ ਹਨ। ਫੱਟੜ ਹਸਪਤਾਲ ਤੇ ਦੋਸ਼ੀ ਥਾਣੇ ਦੀ ਹਵਾਲਾਤ ਵਿੱਚ ਬੰਦ ਹੁੰਦੇ ਹਨ ਤੇ ਬੱਚੇ, ਜਿਨ੍ਹਾਂ ਦੀ ਖਾਤਰ ਝਗੜਾ ਹੋਇਆ ਸੀ, ਫਿਰ ਆਪਸ ਵਿੱਚ ਘੁਲ ਮਿਲ ਕੇ ਖੇਡ ਰਹੇ ਹੁੰਦੇ ਹਨ। ਕਈ ਸਾਲ ਪਹਿਲਾਂ ਤਰਨ ਤਾਰਨ ਸਿਟੀ ਥਾਣੇ ਦੇ ਪਿੰਡ ਬਹਿਲੇ ਵਿੱਚ ਕਬੱਡੀ ਖੇਡਦੇ ਸਮੇਂ ਇੱਕ ਪੁਆਇੰਟ ਪਿੱਛੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ ਤੇ ਗੱਲ ਮਰਨ ਮਾਰਨ ਤੱਕ ਪਹੁੰਚ ਗਈ। ਇੱਕ ਧਿਰ ਦਾ ਇੱਕ ਬੰਦਾ ਮਾਰਿਆ ਗਿਆ। ਕੁਝ ਮਹੀਨਿਆਂ ਬਾਅਦ ਮਰਨ ਵਾਲੇ ਦੇ ਵਾਰਸਾਂ ਨੇ ਕਾਤਲ ਦੇ ਭਰਾ ਅਤੇ ਲੜਕੇ ਨੂੰ ਕਤਲ ਕਰ ਦਿੱਤਾ। ਇਹ ਲੜੀ ਕਈ ਸਾਲ ਤੱਕ ਚੱਲਦੀ ਰਹੀ ਤੇ 8 9 ਕਤਲਾਂ ਤੋਂ ਬਾਅਦ ਜਾ ਕੇ ਬਹੁਤ ਮੁਸ਼ਕਿਲ ਨਾਲ ਪਿੰਡ ਦੇ ਪਤਵੰਤਿਆਂ ਨੇ ਵਿੱਚ ਪੈ ਕੇ ਰਾਜ਼ੀਨਾਮਾ ਕਰਵਾਇਆ। ਐਨੇ ਬੰਦੇ ਮਰਵਾ ਕੇ ਦੁਸ਼ਮਣੀ ਆਖਰ ਸਮਝੌਤੇ ਨਾਲ ਹੀ ਖਤਮ ਹੋਈ।

15 16 ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਡੀ.ਐਸ.ਪੀ. ਲੱਗਾ ਹੋਇਆ ਸੀ। ਇੱਕ ਦਿਨ ਦੁਪਹਿਰੇ ਨਜ਼ਦੀਕੀ ਥਾਣੇ ਦੇ ਐਸ.ਐੱਚ.ਉ. ਦਾ ਫੋਨ ਆਇਆ ਕਿ ਫਲਾਣੇ ਪਿੰਡ ਵਿਖੇ ਵੱਡੀ ਲੜਾਈ ਹੋ ਗਈ ਹੈ ਤੇ ਇੱਕ ਬੰਦਾ ਮਾਰਿਆ ਗਿਆ ਹੈ। ਮੈਂ ਫਟਾਫਟ ਗੱਡੀ ਭਜਾਈ ਤੇ ਉਸ ਪਿੰਡ ਪਹੁੰਚ ਗਿਆ। ਲੜਾਈ ਵਾਲਾ ਸਥਾਨ ਪਿੰਡ ਦੀ ਫਿਰਨੀ ‘ਤੇ ਹੀ ਸੀ ਤੇ ਭਾਰੀ ਭੀੜ ਇਕੱਠੀ ਹੋਈ ਪਈ ਸੀ। ਇੱਕ ਬੰਦਾ ਲਹੂ ਲੁਹਾਨ ਮਰਿਆ ਪਿਆ ਸੀ ਤੇ ਛੇ ਜ਼ਖਮੀ ਸਨ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਹਸਪਤਾਲ ਪਹੁੰਚਾ ਦਿੱਤਾ ਸੀ। ਐਸ.ਐੱਚ.ਉ. ਮੇਰੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਪਹੁੰਚਿਆ ਸੀ ਤੇ ਅਜੇ ਉਸ ਨੂੰ ਵੀ ਲੜਾਈ ਦੇ ਕਾਰਨ ਬਾਰੇ ਪੂਰਾ ਪਤਾ ਨਹੀਂ ਸੀ। ਜਦੋਂ ਮੈਂ ਸਾਰੇ ਹਾਲਾਤ ਵੇਖ ਕੇ ਝਗੜੇ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਰਪੰਚ ਨੂੰ ਅਵਾਜ਼ ਮਾਰ ਲਈ। ਜਦੋਂ ਸਰਪੰਚ ਨੂੰ ਲੜਾਈ ਦੀ ਵਜ੍ਹਾ ਅਤੇ ਕਸੂਰਵਾਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਫਿੱਕੀ ਜਿਹੀ ਮੁਸਕਾਨ ਨਾਲ ਉਥੇ ਚੁਗ ਰਹੀਆਂ ਕੁਝ ਮੁਰਗੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਨੇ ਅਸਲੀ ਕਸੂਰਵਾਰ। ਮੈਂ ਹੈਰਾਨ ਹੋ ਕੇ ਉਸ ਨੂੰ ਸਾਰੀ ਗੱਲ ਖੋਲ੍ਹ ਕੇ ਦੱਸਣ ਲਈ ਕਿਹਾ। ਉਸ ਨੇ ਦੱਸਿਆ ਕਿ ਇੱਕ ਘਰ ਨੇ ਪੰਜ ਸੱਤ ਮੁਰਗੀਆਂ ਰੱਖੀਆਂ ਹੋਈਆਂ ਹਨ ਜੋ ਰੋਜ਼ਾਨਾਂ ਗੁਆਂਢੀਆਂ (ਜਿਨ੍ਹਾਂ ਦਾ ਬੰਦਾ ਕਤਲ ਹੋਇਆ ਸੀ) ਦੇ ਘਰ ਵੱਲ ਦਾਣਾ ਚੁਗਣ ਲਈ ਨਿਕਲ ਜਾਂਦੀਆਂ ਹਨ। ਗੁਆਂਢੀਆਂ ਨੇ ਘਰ ਦੇ ਬਾਹਰ ਕੁਝ ਥਾਂ ‘ਤੇ ਸਬਜ਼ੀ ਬੀਜੀ ਹੋਈ ਸੀ ਜਿਸ ਨੂੰ ਇਹ ਖਰਾਬ ਕਰ ਦਿੰਦੀਆਂ ਸਨ ਕਿਉਂਕਿ ਮੁਰਗੀਆਂ ਨੂੰ ਆਦਤ ਹੁੰਦੀ ਹੈ ਕਿ ਉਹ ਖੁਰਾਕ ਲੱਭਣ ਲਈ ਨਹੁੰਦਰਾਂ ਨਾਲ ਮਿੱਟੀ ਫੋਲਦੀਆਂ ਹਨ। ਸਬਜ਼ੀ ਬੀਜਣ ਵਾਲੇ ਘਰ ਨੇ ਮੁਰਗੀਆਂ ਦੇ ਮਾਲਕ ਨੂੰ ਕਈ ਵਾਰ ਉਲ੍ਹਾਮੇ ਦਿੱਤੇ ਪਰ ਉਸ ਦੇ ਕੰਨ ‘ਤੇ ਜੂੰਅ ਨਾ ਸਰਕੀ। ਉਸ ਦਿਨ ਅੱਕੇ ਸੜੇ ਗੁਆਂਢੀ ਨੇ ਭਵਾਂ ਕੇ ਡੰਡਾ ਮੁਰਗੀਆਂ ਵੱਲ ਮਾਰਿਆ ਜਿਸ ਕਾਰਨ ਇੱਕ ਮੁਰਗੀ ਮਰ ਗਈ ਤੇ ਤੂੰ ਤੂੰ ਮੈਂ ਮੈਂ ਤੋਂ ਵਧਦੀ ਹੋਈ ਗੱਲ ਲੜਾਈ ਤੇ ਕਤਲ ਤੱਕ ਪਹੁੰਚ ਗਈ। ਜੇ ਮੁਰਗੀ ਦੇ ਮਾਲਕ ਨੇ ਹੌਸਲਾ ਕਰ ਕੇ ਦੋ ਚਾਰ ਸੌ ਰੁਪਏ ਦੀ ਮੁਰਗੀ ਦਾ ਨੁਕਸਾਨ ਬਰਦਾਸ਼ਤ ਕਰ ਲਿਆ ਹੁੰਦਾ ਤਾਂ ਉਹ ਜੇਲ੍ਹ ਜਾਣ ਅਤੇ ਵਕੀਲਾਂ ਨੂੰ ਲੱਖਾਂ ਰੁਪਏ ਪੂਜਣ ਤੋਂ ਬਚ ਜਾਂਦਾ।

ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਆਦਮੀ ਵੈਸੇ ਹੀ ਕਲੇਸ਼ੀ ਹੁੰਦੇ ਹਨ ਤੇ ਉਨ੍ਹਾਂ ਨੂੰ ਕਿਸੇ ਨਾਲ ਜੂਤ ਪਤਾਣ ਕੀਤੇ ਬਗੈਰ ਰੋਟੀ ਹਜ਼ਮ ਨਹੀਂ ਹੁੰਦੀ। ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਅਜਿਹੇ ਹੀ ਇੱਕ ਵਿਅਕਤੀ ਰਾਮ ਸਿੰਘ ਕੋਲ ਉਸ ਦਾ ਗੁਆਂਢੀ ਘੋੜੀ ਮੰਗਣ ਲਈ ਆ ਗਿਆ ਕਿਉਂਕਿ ਉਸ ਨੇ ਕਿਸੇ ਬਰਾਤ ਵਿੱਚ ਜਾਣਾ ਸੀ। ਰਾਮ ਸਿੰਘ ਦੀ ਘੋੜੀ ਕੋਈ ਪਹਿਲਾਂ ਹੀ ਮੰਗ ਕੇ ਲਿਜਾ ਚੁੱਕਾ ਸੀ ਜਿਸ ਬਾਰੇ ਉਸ ਨੇ ਗੁਆਂਢੀ ਨੂੰ ਦੱਸ ਦਿੱਤਾ। ਇਹ ਸੁਣ ਕੇ ਗੁਆਂਢੀ ਵਾਪਸ ਮੁੜਨ ਲੱਗਾ ਤਾਂ ਰਾਮ ਸਿੰਘ ਦੇ ਅੰਦਰ ਦਾ ਕਲੇਸ਼ੀ ਜਾਗ ਉੱਠਿਆ। ਉਸ ਨੇ ਗੁਆਂਢੀ ਨੂੰ ਵਾਪਸ ਬੁਲਾਇਆ ਤੇ ਗਾਲ੍ਹ ਕੱਢ ਕੇ ਬੋਲਿਆ, “ਸੁਣ ਉਏ ਜੂਠੇ ਜ਼ਮਾਨੇ ਦੀਏ, ਆ ਗਿਆਂ ਬੂਥਾ ਚੁੱਕ ਕੇ। ਜੇ ਘੋੜੀ ਹੁੰਦੀ ਵੀ ਨਾ, ਮੈਂ ਤੇਰੇ ਵਰਗੇ ਚਵਲ ਨੂੰ ਤਾਂ ਵੀ ਨਹੀਂ ਸੀ ਦੇਣੀ।” ਗੱਲ ਮੁੱਕਣ ਤੋਂ ਪਹਿਲਾਂ ਦੀ ਦੋਵੇਂ ਗੁੱਥਮ ਗੁੱਥਾ ਹੋ ਚੁੱਕੇ ਸਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

Comments are closed, but trackbacks and pingbacks are open.