ਪੈਰਿਸ (ਬਸੰਤ ਸਿੰਘ ਰਾਮੂਵਾਲੀਆ) – ਹਰ ਸਾਲ ਵਾਂਗ ਐਤਕੀਂ ਵੀ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਪੁਰਾਤਨ ਅਤੇ ਵਰਤਮਾਨ ਸਿੱਖ ਸ਼ਹੀਦਾਂ ਦੀ ਯਾਦ ਵਿਚ ਸ਼ਾਨਦਾਰ 15ਵਾਂ ਕਬੱਡੀ ਤੇ ਸੱਭਿਆਚਾਰਕ ਖੇਡ ਮੇਲਾ ਪੈਰਿਸ ‘ਚ ਬੋਬਿਨੀ ਦੇ ਖੇਡ ਮੈਦਾਨ ‘ਚ ਕਰਵਾਇਆ ਗਿਆ।
ਯੂਰਪ ਦੇ ਪ੍ਰਸਿੱਧ ਖੇਡ ਮੇਲੇ ਦੀ ਆਰੰਭਤਾ ਭਾਈ ਰਛਪਾਲ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਬੋਬਿਨੀ ਦੀ ਜੁਇੰਟ ਮੇਅਰ ਤੇ ਹੋਰ ਹਸਤੀਆਂ ਨੇ ਖੇਡ ਮੇਲੇ ਦੀ ਵਧਾਈ ਦਿੱਤੀ। ਕਲੱਬ ਦੇ ਆਗੂਆਂ ਬਾਜ ਸਿੰਘ ਵਿਰਕ ਪ੍ਰਧਾਨ, ਭਾਈ ਰਘਬੀਰ ਸਿੰਘ ਕੁਹਾੜ ਜਨਰਲ ਸਕੱਤਰ, ਚੈਨ ਸਿੰਘ ਚੱਠਾ, ਰਾਮ ਸਿੰਘ ਵਿਰਕ, ਪਲਵਿੰਦਰ ਸਿੰਘ ਭੱਕੂਵਾਲ, ਜਸਵੀਰ ਸਿੰਘ ਚੰਨਾ, ਜਗਤਾਰ ਸਿੰਘ ਬਿੱਟੂ, ਕੁਲਦੀਪ ਸਿੰਘ, ਗੁਰਦੇਵ ਸਿੰਘ ਧਾਲੀਵਾਲ, ਕੁਲਬੀਰ ਸਿੰਘ ਸ਼ੀਰਾ, ਦਲਵਿੰਦਰ ਸਿੰਘ ਘੁੰਮਣ, ਕੇਵਲ ਸਿੰਘ ਖੀਰਾਂਵਾਲੀ ਤੇ ਜਿੰਦਰ ਸੈਫਲਾਬਾਦ ਦੀ ਦੇਖ–ਰੇਖ ਤੇ ਸੁਚੱਜੇ ਪ੍ਰਬੰਧ ਹੇਠ ਖੇਡ ਮੇਲਾ ਆਰੰਭ ਹੋਇਆ।
ਪੰਜਾਬ ਸਪੋਰਟਸ ਕਲੱਬ ਫਰਾਂਸ, ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ, ਸ਼ੇਰ–ਏ–ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੀਆਂ ਨਾਮੀ ਟੀਮਾਂ ਦੇ ਖਿਡਾਰੀਆਂ ਨੇ ਸਾਨ੍ਹਾਂ ਵਰਗੇ ਭੇੜ ਮੁਕਾਬਲਿਆਂ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਹੌਸਲਾ ਅਫਜ਼ਾਈ ਕੀਤੀ। ਆਖਰੀ ਮੁਕਾਬਲੇ ‘ਚ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਦੀ ਟੀਮ ਨੇ 30 ਨੰਬਰ ‘ਤੇ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ 29ੰ5 ਅੰਕ ਪ੍ਰਾਪਤ ਕੀਤੇ।
ਅੱਧੇ ਅੰਕ ਦੇ ਵਾਧੇ ਨਾਲ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਦੀ ਟੀਮ ਨੇ ਜਿੱਤ ਪ੍ਰਾਪਤ ਕਰਦਿਆਂ ਖੇਡ ਮੇਲੇ ਦਾ ਕੱਪ ਜਿੱਤਿਆ ਤੇ ਪਲਵਿੰਦਰ ਸਿੰਘ ਸੰਧੂ ਭੱਕੂਵਾਲ ਤੇ ਪਰਮਜੀਤ ਸਿੰਘ ਸੰਧੂ ਭੱਕੂਵਾਲ ਭਰਾਵਾਂ ਵੱਲੋਂ ਜੇਤੂ ਟੀਮ ਨੂੰ 3100 ਯੂਰੋ ਦਾ ਪਹਿਲਾ ਇਨਾਮ ਦਿੱਤਾ ਗਿਆ। ਇਨ੍ਹਾਂ ਵੱਲੋਂ ਹੀ ਫੁੱਟਬਾਲ ਦੀ ਜੇਤੂ ਟੀਮ ਨੂੰ 1500 ਯੂਰੋ ਦਾ ਇਨਾਮ ਦਿੱਤਾ ਗਿਆ। ਦੂਜੇ ਸਥਾਨ ‘ਤੇ ਰਹੀ ਸ਼ੇਰ–ਏ–ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੂੰ 25 ਸੌ ਯੂਰੋ ਦਾ ਇਨਾਮ ਕੁਲਬੀਰ ਸਿੰਘ ਸ਼ੀਰਾ ਤੇ ਸਾਥੀਆਂ ਵੱਲੋਂ ਦਿੱਤਾ ਗਿਆ। ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਫੁੱਟਬਾਲ ਦੀ ਟੀਮ ਨੂੰ ਬਲਦੇਵ ਸਿੰਘ ਵੱਲੋਂ 11 ਸੌ ਯੂਰੋ ਦਾ ਇਨਾਮ ਦਿੱਤਾ ਗਿਆ।