ਬਰਤਾਨਵੀ ਪ੍ਰਧਾਨ ਮੰਤਰੀ ਨੇ ਸਰਕਾਰੀ ਨਿਵਾਸ ’ਤੇ ਵਿਸਾਖੀ ਮਨਾਈ

ਉੱਘੀਆਂ ਸਿੱਖ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ

ਲੰਡਨ – ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਲੰਡਨ ਸਥਿਤ ਆਪਣੇ ਸਰਕਾਰੀ ਨਿਵਾਸ 10 ਡਾਊਨਿੰਗ ਸਟਰੀਟ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।

ਇਸ ਮੌਕੇ ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦੇਸ਼ ਵਿੱਚ ਵਧ ਰਹੀ ਸਿੱਖ ਵਿਰੋਧੀ ਨਫ਼ਰਤ ਦਾ ਮੁਕਾਬਲਾ ਕਰਨ ਅਤੇ ਸਮਾਜਿਕ ਏਕਤਾ ਨੂੰ ਬਣਾਈ ਰੱਖਣ ਲਈ ਆਪਣੀ ਵਚਨਵੱਧਤਾ ਦੁਹਰਾਈ।

ਸਮਾਗਮ ਦੌਰਾਨ ਬਿ੍ਰਟਿਸ਼ ਸਿੱਖਾਂ, ਸੰਸਦ ਮੈਂਬਰਾਂ ਅਤੇ ਭਾਈਚਾਰਕ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਕਿਹਾ, ‘‘ਸਿੱਖ ਇਤਿਹਾਸ ਬਿ੍ਰਟਿਸ਼ ਇਤਿਹਾਸ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿ੍ਰਟਿਸ਼ ਹੋਣ ਦਾ ਮਤਲਬ ਹੀ ਸਮਾਵੇਸ਼ੀ ਹੋਣਾ ਹੈ ਅਤੇ ਜਦੋਂ ਵੀ ਕੋਈ ਤਾਕਤ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਸਾਨੂੰ ਵਾਰ-ਵਾਰ ਇਸ ਏਕਤਾ ਨੂੰ ਦੁਹਰਾਉਣ ਦੀ ਲੋੜ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਸਿੱਖ ਧਰਮ ਦੀ ‘ਸੇਵਾ’ ਦੀ ਧਾਰਨਾ ਅਤੇ ਆਪਣੀ ਲੇਬਰ ਪਾਰਟੀ ਦੀਆਂ ਕਦਰਾਂ-ਕੀਮਤਾਂ ਵਿਚਕਾਰ ਸਮਾਨਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੇਵਾ ਦੇ ਸਿਧਾਂਤ ’ਤੇ ਅਧਾਰਿਤ ਹੈ। ਵਿਸ਼ਵ ਪੱਧਰ ’ਤੇ ਚੱਲ ਰਹੇ ਟਕਰਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਾਈਚਾਰਿਆਂ ਨੂੰ ਵੰਡਣ ਵਾਲੀਆਂ ਆਵਾਜ਼ਾਂ ਵਿਰੁੱਧ ਇਕੱਠੇ ਖੜ੍ਹੇ ਹੋਣ ਦੀ ਅਪੀਲ ਕੀਤੀ।

ਸਟਾਰਮਰ ਨੇ ਸਵੀਕਾਰ ਕੀਤਾ ਕਿ ਦੇਸ਼ ਵਿੱਚ ਸਿੱਖ ਵਿਰੋਧੀ ਨਫ਼ਰਤ ਦੇ ਮਾਮਲੇ ਵਧੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਅਜਿਹਾ ਭਵਿੱਖ ਚਾਹੁੰਦਾ ਹਾਂ ਜਿੱਥੇ ਸਿੱਖ ਵਿਰੋਧੀ ਨਫ਼ਰਤ ਕੋਈ ਮੁੱਦਾ ਹੀ ਨਾ ਰਹੇ।’’ ਉਨ੍ਹਾਂ ਨੇ ਅਜਿਹੀਆਂ ਵੰਡ ਪਾਊ ਤਾਕਤਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਸਮਾਗਮ ਦੌਰਾਨ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਵਾਲੀ ਇੱਕ ਨਵੀਂ ਪ੍ਰਦਰਸ਼ਨੀ ‘ਦਿ ਲਾਸਟ ਪਿ੍ਰੰਸੇਸਜ਼ ਆਫ਼ ਪੰਜਾਬ’ ਦਾ ਵੀ ਜ਼ਿਕਰ ਕੀਤਾ ਗਿਆ। ਦੱਸਣਯੋਗ ਹੈ ਕਿ ਰਾਜਕੁਮਾਰੀ ਸੋਫੀਆ ਨੇ ਔਰਤਾਂ ਦੇ ਵੋਟਿੰਗ ਅਧਿਕਾਰਾਂ ਲਈ ਵੱਡੀ ਮੁਹਿੰਮ ਚਲਾਈ ਸੀ। ਸਮਾਗਮ ਦੀ ਸ਼ੁਰੂਆਤ ਪੱਛਮੀ ਲੰਡਨ ਦੇ ਖਾਲਸਾ ਜਥਾ ਸ਼ੈਫਰਡਜ਼ ਬੁਸ਼ ਦੇ ਬੱਚਿਆਂ ਦੁਆਰਾ ਕੀਤੇ ਗਏ ਕੀਰਤਨ ਨਾਲ ਹੋਈ, ਜਿਸ ਨੇ ਡਾਊਨਿੰਗ ਸਟਰੀਟ ਦੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ।

Comments are closed, but trackbacks and pingbacks are open.