ਲੈਸਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ 553ਵਾਂ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਮਹਾਨ ਨਗਰ ਕੀਰਤਨ

ਰਸਤੇ ਵਿੱਚ ਜਗ੍ਹਾਂ ਜਗ੍ਹਾਂ ‘ਤੇ ਬੱਚਿਆਂ ਅਤੇ ਨੌਜਵਾਨਾ ਵਲੋਂ ਗਤਕਾ ਕਲਾ ਦੇ ਜੌਹਰ ਦਿਖਾਏ ਗਏ।

ਲੈਸਟਰ (ਤਰਲੋਚਨ ਸਿੰਘ ਵਿਰਕ) – ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਗੁਰੂ ਨਾਨਕ ਗੁਰਦਵਾਰਾ ਅਤੇ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਸ਼ੁਕਰਵਾਰ 18 ਨਵੰਬਰ 2022 ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ, ਜਿਨ੍ਹਾ ਦੇ ਭੋਗ ਐਤਵਾਰ 20 ਨਵੰਬਰ ਨੂੰ ਸਵੇਰੇ 10 ਵਜੇ ਪਾਏ ਗਏ। ਤਿੰਨੇ ਦਿਨ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਨੇ ਧੁਰ ਕੀ ਬਾਨੀ ਸੁਣ ਕੇ, ਗੁਰੂ ਘਰ ਆ ਕੇ ਅਨੇਕਾਂ ਸੇਵਾ ਕਰਕੇ ਆਪਣੇ ਜਿੰਦਗੀ ਦੀਆਂ ਕੁੱਝ ਘੜੀਆਂ ਸਫਲ ਕੀਤੀਆਂ।

ਬੇਸ਼ੱਕ ਸਵੇਰੇ ਸਵੇਰੇ ਮੌਸਮ ਬਹੁੱਤ ਠੰਡਾ ਸੀ ਫਿਰ ਵੀ ਲੈਸਟਰਸ਼ਾਇਰ ਦੇ ਕੋਨੇ ਕੋਨੇ ਤੋਂ ਸੰਗਤਾਂ 9ਵੇਂ ਨਾਨਕ ਦੇ ਨਾਮ ਦੇ ਗੁਰਦਵਾਰਾ ਸਾਹਿਬ ਵਲ ਨੂੰ ਜਾ ਰਹੀਆਂ ਸਨ, ਜਿੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਦਾ ਪ੍ਰਬੰਧ ਕੀਤਾ ਹੋਇਆ ਸੀ। ਮੇਰੇ ਛੋਟੀ ਉਮਰ ਦੇ ਦੋਹਤਰੇ ਨੇ ਕਿਹਾ ਕਿ ਨਾਨਾ ਜੀ ਇੱਦਾਂ ਲੱਗਦਾ ਹੈ ਜਿੱਦਾਂ ਮਿਲੀਅਨ ਲੋਕ ਆਏ ਹੋਏ ਹਨ। 11.45 ਵਜੇ ਗਿਆਨੀ ਮਲੂਕ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਸ ਤੋਂ ਉਪਰੰਤ ਪੰਜ ਜੈਕਾਰੇ ਬੋਲੇ ਗਏ ਅਤੇ ਨਗਰ ਕੀਰਤਨ ਅਰੰਭ ਹੋਇਆ। ਸਿੱਖੀ ਦੇ ਪਿਤਾਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਪੰਜ ਨਿਸ਼ਾਨੀ ਸਿੰਘ ਕਰ ਰਹੇ ਸਨ। ਜਿਸ ਲੌਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਨ ਉਸ ਨੂੰ ਸੁੰਦਰ ਤਾਜੇ ਫੁੱਲਾਂ ਨਾਲ ਸਜਾਇਆ ਹੋੲਆ ਸੀ।

ਇੱਕ ਦਿਨ ਪਹਿਲਾਂ ਸ਼ਨਿੱਚਰਵਾਰ ਨੂੰ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਸੰਚਾਰ ਹੋਇਆ ਜਿਸ ਵਿੱਚ 7 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ। ਇਸ ਨਗਰ ਕੀਰਤਨ ਨੇ ਪਿਛਲੇ ਸਾਰੇ ਰੀਕਾਰਡ ਤੋੜ ਦਿੱਤੇ ਅਤੇ ਤਕਰੀਬਨ 12 ਹਜ਼ਾਰ ਸੰਗਤਾਂ ਨੇ ਭਾਗ ਲ਼ਿਆ ਜਿਸ ਵਿੱਚ ਗੁਰੂ ਨਾਨਕ ਪੰਜਾਬੀ ਸਕੂਲ ਅਤੇ ਗੁਰੂ ਤੇਗ ਬਹਾਦਰ ਪੰਜਾਬੀ ਸਕੂਲ ਦੇ ਵਿਦਆਰਥੀ ਅਤੇ ਅਧਿਆਪਕ ਦੂਜੀ ਸੁੰਦਰ ਸਜਾਈ ਹੋਈ ਲੌਰੀ ਦੇ ਪਿੱਛੇ ਚਲ ਰਹੇ ਸਨ। ਈਸਟ ਪਾਰਕ ਰੋਡ, ਸੇਂਟ ਪੀਟਰਜ ਰੋਡ, ਸਪਾਰਕਿੰਨਹੋ ਸਟਰੀਟ ਤੋਂ ਬਾਹਰ ਸਿਟੀ ਸੈਂਟਰ ਦੀ ਚਾਰਲਜ ਸਟਰੀਟ ਅਤੇ ਹਾਈ ਸਟਰੀਟ ਤੋਂ ਚਲਦਾ ਹੋਇਆ ਤਕਰੀਬਨ ਤਿੰਨ ਘੰਟੇ ਬਾਹਦ ਨਗਰ ਕੀਰਤਨ ਗਰੇਟ ਸੈਂਸ਼ਰਲ ਸਟਰੀਟ ਤੋਂ ਹੁੰਦਾ ਹੋਇਆ ਗੁਰੂ ਨਾਨਕ ਗੁਰਦਵਾਰਾ ਸਾਹਿਬ ਪਹੁੰਚਿਆ ਜਿਸ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ।

ਰਸਤੇ ਵਿੱਚ ਜਗ੍ਹਾਂ ਜਗ੍ਹਾਂ ‘ਤੇ ਬੱਚਿਆਂ ਅਤੇ ਨੌਜਵਾਨਾ ਵਲੋਂ ਗਤਕਾ ਕਲਾ ਦੇ ਜੌਹਰ ਦਿਖਾਏ ਗਏ। ਇਸ ਖੁਸ਼ੀ ਭਰੇ ਸਮੇਂ ‘ਤੇ ਦੁਨੀਆ ਭਰ ਵਿੱਚ ਔਖੇ ਸਮੇਂ ਸਹਾਇਤਾ ਕਰਨ ਵਾਲੀ ਖਾਲਸਾ ਏਡ ਦਾ ਸਟਾਲ ਲਗਾਇਆ ਗਿਆ ਜਿਨ੍ਹਾ ਦੇ ਸੇਵਾਦਾਰ ਭਾਈ ਬਲਿੰਦਰ ਸਿੰਘ ਜੀ ਸਮਰਾ ਜੀ ਨੇ ਦੱਸਿਆਂ ਕਿ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਖਾਲਸਾ ਏਡ ਯੂ.ਕੇ. ਦੇ ਦਫਤਰ ਪੁੱਜੇ। ਉਨ੍ਹਾਂ ਨੇ ਸਮੁੱਚੀ ਦੁਨੀਆ ਵਿੱਚ ਖਾਲਸਾ ਏਡ ਦੀ ਚਲ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ।

ਇੱਕ ਲਿਖਾਰੀ ਨੇ ਕਿਹਾ ਕਿ ਹੁਣ ਦੇ ਨਗਰ ਕੀਰਤਨ ਵਿੱਚ ਕੋਈ ਖਾਸ ਡਿਸਪਲਿਨ ਨਹੀਂ ਹੈ ਜਦੋਂ ਪਹਿਲਾਂ ਨਗਰ ਕੀਰਤਨ ਹੁੰਦੇ ਸਨ ਤਾਂ ਪੰਜ ਜਣੇ ਇੱਕ ਦੂਜੇ ਦਾ ਹੱਥ ਫੜ ਕੇ ਤੁਰਦੇ ਸਨ ਅਤੇ ਕੋਈ ਵੀ ਪੇਵਮਿੰਟ ‘ਤੇ ਨਹੀਂ ਸੀ ਜਾਂਦਾ। ਇੱਕ ਹੋਰ ਸਿੰਘ ਨੇ ਕਿਹਾ ਕਿ ਜਗ੍ਹਾਂ ਜਗ੍ਹਾਂ ਸੜਕਾਂ ਬੰਦ ਕਰਨ ਨਾਲ ਲੈਸਟਰ ਦੇ ਬਹੁਤ ਸਾਰੇ ਲੋਕਾਂ ਨੂੰ ਤਕਲੀਫਾਂ ਝੱਲਣੀਆ ਪੈਂਦੀਆਂ ਹਨ ਅਤੇ ਉਨ੍ਹਾ ਨੇ ਸੁਝਾਅ ਦਿੱਤਾ ਕਿ ਗੁਰਦਵਾਰਾ ਸਾਹਿਬ ਦੀਆਂ ਨਜ਼ਦੀਕੀ ਸੜਕਾਂ ਦੇ ਆਲੇ ਦੁਆਲੇ ਹੀ ਨਗਰ ਕੀਰਤਨ ਕਰਨਾ ਚਾਹੀਦਾ ਹੈ। ਨਗਰ ਕੀਰਤਨ ਵਿੱਚ ਗੁਰੂ ਤੇਗ ਬਹਾਦਰ ਤੋਂ ਗੁਰੂ ਨਾਨਕ ਗੁਰਦਵਾਰਾ ਤੱਕ ਭਾਗ ਲੈਣ ਵਾਲੇ ਨੇ ਕਿਹਾ ਕਿ ਭਾਵੇਂ ਅਸੀਂ 1986 ਦੇ ਲੈਸਟਰ ਵਿਖੇ ਨਗਰ ਕੀਰਤਨ ਕਰ ਰਹੇ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਸਮੇਂ ਸਿਰ ਕਿਉਂ ਨਹੀਂ ਚੱਲਦੇ, ਜੇ ਅੱਜ 11 ਵਜੇ ਨਗਰ ਕੀਰਤਨ ਅਰੰਭ ਹੋਇਆ ਹੁੰਦਾ ਤਾਂ ਮੀਂਹ ਵਿੱਚ ਭਿੱਜਣ ਤੋਂ ਪਹਿੱਲਾਂ ਗੁਰੂ ਨਾਨਕ ਗੁਰਦਵਾਰਾ ਸਾਹਿਬ ਪਹੁੰਚ ਜਾਣਾ ਸੀ।

ਲੈੈਸਟਰ ਦੇ ਗਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਕਈ ਦਹਾਕਿਆਂ ਸੇਵਾ ਨਿਭਾਅ ਚੁੱਕੇ ਭਾਈ ਗੁਰਨਾਮ ਸਿੰਘ ਜੀ ਰੂਪੋਵਾਲ ਇਸ ਮਹਾਨ ਨਗਰ ਕੀਰਤਨ ਵਿੱਚ ਕਿਸੇ ਖਾਸ ਵਜਾ ਕਾਰਨ ਸ਼ਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਲੈਸਟਰਸ਼ਾਇਰ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਵਸ ਅਤੇ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਗੁਰੂ ਜੀ ਦੇ 974 ਸ਼ਬਦ 19 ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਜਿਨ੍ਹਾ ਵਿੱਚੋਂ ਇੱਕ ਇਹ ਹੈ, “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛ ਕਹੀਅੇ” {ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 661}.

ਗੁਰੂ ਤੇਗ ਬਹਾਦਰ ਦੇ ਮੁੱਖ ਸੇਵਾਦਾਰ ਰਾਜ ਮਨਵਿੰਦਰ ਸਿੰਘ ਕੰਗ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਜੀ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਜਿੰਨਾ ਵੀ ਹੋ ਸਕਦਾ ਹੈ ਸਹਿਯੋਗ ਦੇਣਾ ਚਾਹੀਦਾ ਹੈ । ਗੁਰੂ ਨਾਨਕ ਗੁਰਦਵਾਰਾ ਦੇ ਮੁੱਖ ਸੇਵਾਦਾਰ ਅਜਮੇਰ ਸਿੰਘ ਬਸਰਾ ਜੀ ਨੇ ਦੱਸਿਆ ਕਿ ਇਸ ਨਗਰ ਕੀਰਤਨ ਨੇ ਪਿਛਲੇ ਸਾਰੇ ਰੀਕਾਰਡ ਤੋੜ ਦਿੱਤੇ ਹਨ ਜਿਸ ਵਿੱਚ ਸ਼ਹਿਰ ਵਿੱਚ ਨਵੇਂ ਨਵੇਂ ਆਏ ਵਿਦਆਰਥੀਆਂ ਨੇ ਵੀ ਭਾਗ ਲਿਆ। ਉਨ੍ਹਾਂ ਨੇ ਗੁਰਪੁਰਬ ਦੀਆਂ ਸੰਗਤਾਂ ਨੂ ਵਧਾਈਆਂ ਦਿੱਤੀਆਂ ਅਤੇ ਬੱਸਾਂ, ਟੈਕਸੀਆਂ, ਲੰਗਰ ਤੋਂ ਇਲਾਵਾ ਸਾਰੇ ਹੀ ਅਣਗਿਣਤ ਸੇਵਾਦਾਰਾਂ ਦਾ ਤਿਹ ਦਿਲੋਂ ਧੰਨਵਾਦ ਕੀਤਾ।

Comments are closed, but trackbacks and pingbacks are open.