Edition No: 2737
‘‘ਤੂੰ ਮੇਰੀ ਸਰਦਾਰਨੀ’’ ਗੀਤ ਨੇ ਸਰੋਤੇ ਝੂਮਣ ਲਾ ਦਿੱਤੇ

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸੰਗੀਤ ਵਰਗੀ ਕੋਮਲ ਕਲਾ ਨਾਲ ਜੁੜਿਆ ਇਨਸਾਨ ਕੋਮਲ ਸੁਭਾਅ ਦਾ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਜੇਕਰ ਕੋਈ ਅੱਖੜ ਹੋਵੇਗਾ ਤਾਂ ਸੰਗੀਤ ਨੇ ਉਸਦੇ ਮਨ ਅੰਦਰ ਵਾਸਾ ਹੀ ਨਹੀਂ ਕੀਤਾ ਹੋਣਾ। ਯੂਕੇ ਵਸਦਾ ਗਾਇਕ ਪ੍ਰੇਮੀ ਜੌਹਲ ਅਜਿਹਾ ਹੀ ਨਿਮਰ ਇਨਸਾਨ ਹੈ ਜਿਸਨੇ ਬੁਲੰਦੀਆਂ ਦਾ ਸਰੂਰ ਮਾਨਣ ਦੇ ਬਾਵਜੂਦ ਵੀ ਪੈਰ ਧਰਤੀ ‘ਤੇ ਹੀ ਰੱਖੇ ਹਨ। ਸੰਗੀਤ ਜਗਤ ਦੀ ਝੋਲੀ ਅਨੇਕਾਂ ਹਿੱਟ ਗੀਤ ਪਾਉਣ ਵਾਲੇ ਪ੍ਰੇਮੀ ਜੌਹਲ ਵੱਲੋਂ ਹਾਲ ਹੀ ਵਿੱਚ ਆਪਣਾ ਨਵਾਂ ਗੀਤ “ਤੂੰ ਮੇਰੀ ਸਰਦਾਰਨੀ” ਲੋਕ ਅਰਪਣ ਕੀਤਾ ਹੈ। ਇਸ ਗੀਤ ਦਾ ਰਚੇਤਾ ਤੇ ਕੰਪੋਜਰ ਵੀ ਪ੍ਰੇਮੀ ਜੌਹਲ ਖੁਦ ਹਨ। ਇੱਕ ਘਰਵਾਲੇ ਵੱਲੋਂ ਆਪਣੀ ਘਰਵਾਲੀ ਦੀਆਂ ਸਿਫਤਾਂ ਨਾਲ ਲਬਰੇਜ਼ ਇਸ ਗੀਤ ਦਾ ਸੰਗੀਤ ਪੌਪਸੀ ਮਿਊਜ਼ਿਕ ਮਸ਼ੀਨ ਵੱਲੋਂ ਤਿਆਰ ਕੀਤਾ ਗਿਆ ਹੈ।

‘ਦੇਸ ਪ੍ਰਦੇਸ’ ਨਾਲ ਗੱਲਬਾਤ ਕਰਦਿਆਂ ਪ੍ਰੇਮੀ ਜੌਹਲ ਨੇ ਕਿਹਾ ਕਿ ਪੰਜਾਬੀ ਸ੍ਰੋਤਿਆਂ ਨੇ ਹਮੇਸ਼ਾ ਹੀ ਉਹਨਾਂ ਨੂੰ ਪੰਡਾਂ ਭਰ ਭਰ ਮਾਣ ਦਿੱਤਾ ਹੈ। ਉਮੀਦ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਉਹ “ਤੂੰ ਮੇਰੀ ਸਰਦਾਰਨੀ” ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ।

ਪ੍ਰੇਮੀ ਜੌਹਲ ਦੇ ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਭਰਵਾਂ ਪਿਆਰ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਲੋਕ ਗੀਤ ਕਿਹਾ ਜਾ ਸਕਦਾ ਹੈ ਕਿਉਕਿ ਇਹ ਗੀਤ ਰਲੀਜ਼ ਹੁੰਦੇ ਸਾਰ ਹੀ ਹਰੇਕ ਦੀ ਜ਼ੁਬਾਨ ’ਤੇ ਚੜ੍ਹ ਗਿਆ ਹੈ।