ਯੂ.ਕੇ ਦੇ ਉੱਘੇ ਪੰਜਾਬੀ ਕਾਰੋਬਾਰੀ ਨੌਜਵਾਨ ਅਤੇ ਸੈਂਟ ਕਿਟਸ ਦੇ ਵਿਸ਼ੇਸ਼ ਰਾਜਦੂਤ ਦੇਵ ਬਾਠ ਦਾ ਬਾਰਬਾਡੋਸ ਸਰਕਾਰ ਵਲੋਂ ਭਾਰੀ ਸਨਮਾਨ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਦਿੱਤਾ ਗਿਆ ਸਰਬੋਤਮ ਐਵਾਰਡ ‘‘ਸਰ’’

ਲੰਡਨ – ਇੱਥੋਂ ਦੇ ਉੱਘੇ ਕਾਰੋਬਾਰੀ ਨੌਜਵਾਨ, ਸੈਂਟ ਕਿਟਸ ਤੇ ਨਿਵਲ ਦੇ ਵਿਸ਼ੇਸ਼ ਰਾਜਦੂਤ ਗੁਰਦੀਪ ਸਿੰਘ ਉਰਫ਼ ਦੇਵ ਬਾਠ ਨੂੰ ਕੋਵਿਡ ਮਹਾਂਮਾਰੀ ਦੌਰਾਨ ਕੈਰੇਬੀਅਨ ਦੇਸ਼ਾਂ ਨੂੰ ਕੋਵਿਡ ਟੀਕੇ ਮੁਹੱਈਆ ਕਰਵਾਉਣ ਦੇ ਯੋਗਦਾਨ ਲਈ ਬਾਰਬਾਡੋਸ ਸਰਕਾਰ ਵਲੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਸਰਬੋਤਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਦੁਆਬੇ ਦੇ ਮਸ਼ਹੂਰ ਸ਼ਹਿਰ ਨਕੋਦਰ ਨੇੜਲੇ ਪਿੰਡ ਬਾਠ ਕਲਾਂ ਨਾਲ ਸਬੰਧਿਤ ਦੇਵ ਬਾਠ ਮੱਧ ਲੰਡਨ ਵਿੱਚ ਵਧੀਆ ਕਾਰੋਬਾਰ ਚਲਾ ਰਹੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਵਲੋਂ ਕੈਰੇਬੀਅਨ ਦੇਸ਼ਾਂ ਵਿੱਚ ਨਿਭਾਈਆਂ ਜਾ ਰਹੀਆਂ ਲੋਕ ਸੇਵਾਵਾਂ ਬਦਲੇ ਸੈਂਟ ਕਿਟਸ ਤੇ ਨਿਵਲ ਦੇਸ਼ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਰਾਜਦੂਤ ਥਾਪਿਆ ਹੋਇਆ ਹੈ। ਕੋਵਿਡ ਮਹਾਂਮਾਰੀ ਦੌਰਾਨ ਜਦ ਵੱਡੇ ਵੱਡੇ ਦੇਸ਼ਾਂ ਵਿੱਚ ਟੀਕੇ ਉਪਲਬੱਧ ਨਹੀਂ ਹੋ ਰਹੇ ਸਨ ਤੱਦ ਦੇਵ ਬਾਠ ਨੇ ਉੱਦਮ ਕਰਕੇ ਭਾਰਤ ਤੋਂ ਟੀਕੇ ਮੰਗਵਾ ਕੇ ਬਾਰਬਾਡੋਸ ਸਮੇਤ ਕੈਰੇਬੀਅਨ ਦੇਸ਼ਾਂ ਨੂੰ ਭੇਜੇ ਸਨ।

ਦੇਵ ਬਾਠ ਲਈ ਸਰਬੋਤਮ ਐਵਾਰਡ ਦਾ ਐਲਾਨ 30 ਨਵੰਬਰ 2022 ਨੂੰ ਹੋ ਗਿਆ ਸੀ ਜੋ ਬੀਤੇ ਹਫ਼ਤੇ ਬਾਰਬਾਡੋਸ ਦੇ ਰਾਸ਼ਟਰਪਤੀ ਸਾਂਡਰਾ ਮੇਸਨ ਵਲੋਂ ਬਰਿਜਟਾਊਨ ਵਿਖੇ ਦਿੱਤਾ ਗਿਆ ਜਿਸ ਤੋਂ ਬਾਅਦ ਦੇਵ ਬਾਠ ਹੁਣ ‘‘ਮਾਣਯੋਗ ਸਰ ਗੁਰਦੀਪ ਬਾਠ’’ ਬਣ ਗਿਆ ਹੈ। ਦੇਵ ਬਾਠ ਨੇ ਆਪਣੇ ਵਲੋਂ ਕੀਤੀ ਸੇਵਾ ਨੂੰ ਆਪਣਾ ਫ਼ਰਜ਼ ਦੱਸਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Comments are closed, but trackbacks and pingbacks are open.