ਯੂ ਕੇ ਦੀ ਪੱਤਰਕਾਰੀ ਦੇ ਬਾਬਾ ਬੋਹੜ ਅਤੇ ਦੇਸ ਪ੍ਰਦੇਸ ਦੇ ਮੁੱਖ ਸੰਪਾਦਕ ਸਰਦਾਰ ਗੁਰਬਖਸ਼ ਸਿੰਘ ਵਿਰਕ ਦਾ ਅਸਹਿ ਵਿਛੋੜਾ : ਗੁਰਦੀਪ ਸਿੰਘ ਜਗਬੀਰ ( ਡਾ.)

ਸਰਦਾਰ ਗੁਰਬਖ਼ਸ਼ ਸਿੰਘ ਵਿਰਕ ਨੇ ਅਖ਼ਬਾਰ ਦੇ ਵਿੱਚ ਸੰਪਾਦਕੀ ਨੋਟ ਦਾ ਇਕ ਵਿਸ਼ੇਸ਼ ਕਾਲਮ ਸ਼ੁਰੂ ਕੀਤਾ ਜੋ ਬਹੁਤ ਸਲਾਹਿਆ ਗਿਆ।

ਲੰਡਨ – ਪੰਥਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁੱਖ ਦੇ ਨਾਲ ਪੜ੍ਹੀ ਅਤੇ ਸੁਣੀ ਜਾਵੇਗੀ ਕਿ ਯੂ ਕੇ ਵਿੱਚਲੇ ਸਭ ਤੋਂ ਪਹਿਲੇ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਅਖਬਾਰ ‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸਰਦਾਰ ਗੁਰਬਖਸ਼ ਸਿੰਘ ਵਿਰਕ, 86 ਵਰ੍ਹੇ ਦੀ ਉਮਰ ਭੋਗ ਕੇ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ, ਅਕਾਲ ਚਲਾਣਾ ਕਰ ਗਏ ਹਨ। 86 ਵਰ੍ਹਿਆਂ ਦੇ ਸਰਦਾਰ ਗੁਰਬਖ਼ਸ਼ ਸਿੰਘ ਵਿਰਕ ਆਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਸਰਦਾਰ ਸਰਬਜੀਤ ਸਿੰਘ ਵਿਰਕ ਛੱਡ ਗਏ ਹਨ। ਸਰਦਾਰ ਸਰਬਜੀਤ ਸਿੰਘ ਵਿਰਕ ਆਪ ਵੀ ਇਸ ਵਕਤ ਪੰਜਾਬੀ ਪੱਤਰਕਾਰੀ ਵਿੱਚ ਨਾਮਵਰ ਹਸਤਾਖ਼ਰ ਹਨ ਅਤੇ ਅਖ਼ਬਾਰ ਦੇਸ ਪ੍ਰਦੇਸ ਦੀ ਬਤੌਰ ਸੰਪਾਦਕ ਦੇ ਬਾਖ਼ੂਬੀ ਸੇਵਾ ਨਿਭਾ ਰਹੇ ਹਨ।

ਸਰਦਾਰ ਗੁਰਬਖਸ਼ ਸਿੰਘ ਵਿਰਕ ਦਾ ਜਨਮ ਸਾਲ 1937 ਦੇ ਦੌਰਾਨ ਪੰਜਾਬ ਦੇ ਸ਼ੇਖ਼ੂਪੁਰਾ ( ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਸਾਲ 1947 ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਦੋ ਟੁਕੜੇ ਕਰ ਦਿੱਤੇ ਤਾਂ ਆਪ ਜੀ ਦਾ ਪਰਿਵਾਰ ਹੁਣਵੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਰੇਰੂ ਵਿਖੇ ਆਣ ਵਸਿਆ। ਪੰਜਾਬੀ ਪੱਤਰਕਾਰੀ ਨੂੰ ਸਮਰਪਿਤ ਸਰਦਾਰ ਗੁਰਬਖਸ਼ ਸਿੰਘ ਵਿਰਕ ਨੇ ਆਪਣੇ ਜੀਵਨ ਦੀ ਸ਼ੁਰੂਆਤ ਪੱਤਰਕਾਰੀ ਵਿੱਚ ਪੈਰ ਰੱਖ ਕੇ ਸ਼ੁਰੂ ਕੀਤੀ ਸੀ। ਆਪ ਜਲੰਧਰ ਤੋਂ ਛਪਦੀ ਅਕਾਲੀ ਅਖਬਾਰ ਵਿੱਚ ਬਤੌਰ ਸੰਪਾਦਕ ਚਿਰਾਂ ਤੱਕ ਸੇਵਾ ਨਿਭਾਂਦੇ ਰਹੇ। ਇਥੇ 1962 ਤੋਂ ਲੈਕੇ 1985 ਤੱਕ ਆਪ ਨੇ ਪਤਰਕਾਰੀ ਰਾਹੀਂ ਸੇਵਾ ਨਿਭਾਈ।

ਯੂ ਕੇ ਦੀ ਸਭ ਤੋਂ ਪਹਿਲੀ ਅਖ਼ਬਾਰ ‘ਦੇਸ ਪ੍ਰਦੇਸ’ ਦੇ ਬਾਨੀ ਸੰਪਾਦਕ ਸਚਖੰਡ ਵਾਸੀ ਸਰਦਾਰ ਤਰਸੇਮ ਸਿੰਘ ਪੁਰੇਵਾਲ ਨੇ ਆਪ ਦੀ ਪਤਰਕਾਰੀ ਦੀ ਦੁਨੀਆਂ ਵਿੱਚ ਮਜ਼ਬੂਤ ਪਕੜ ਨੂੰ ਦੇਖਦਿਆਂ ਹੋਇਆਂ ਆਪਨੂੰ ਲੰਡਨ ਆ ਕੇ ਦੇਸ ਪ੍ਰਦੇਸ ਰਾਹੀਂ ਪਤਰਕਾਰੀ ਦੀ ਸੇਵਾ ਦੇ ਲਈ ਸੱਦਾ ਦਿੱਤਾ ਜੋ ਆਪ ਨੇ ਪ੍ਰਵਾਨ ਕਰ ਲਿਆ ਅਤੇ ਸਰਦਾਰ ਵਿਰਕ 1985 ਵਿੱਚ ਯੂ ਕੇ ਵਿੱਚ ਆ ਗਏ। ਇੰਜ ‘ਦੇਸ ਪ੍ਰਦੇਸ’ ਦੇ ਬਾਨੀ ਸੰਪਾਦਕ ਸਰਦਾਰ ਤਰਸੇਮ ਸਿੰਘ ਪੁਰੇਵਾਲ ਦੇ ਨਾਲ ਬਤੌਰ ਸਹਾਇਕ ਸੰਪਾਦਕ ਦੇ ਕੰਮ ਸ਼ੁਰੂ ਕਰ ਦਿੱਤਾ।

24 ਜਨਵਰੀ 1995 ਵਾਲੇ ਦਿਨ, ਸਰਦਾਰ ਤਰਸੇਮ ਸਿੰਘ ਪੁਰੇਵਾਲ ਹੁਣਾ ਨੂੰ ਉਨ੍ਹਾਂ ਦੀ ਹੀ ਸਾਊਥਾਲ ਵਿਖੇ,ਪ੍ਰੈਸ ਦੇ ਦਫ਼ਤਰ ਦੇ ਬਾਹਰ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਇਸ ਅਖ਼ਬਾਰ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਗੁਰਬਖ਼ਸ਼ ਸਿੰਘ ਹੁਣਾਂ ਦੇ ਮੋਢਿਆਂ ਤੇ ਆਣ ਪਈ। ਇਸ ਜ਼ੁੰਮੇਵਾਰੀ ਨੂੰ ਸਰਦਾਰ ਵਿਰਕ ਹੁਣਾ ਨੇ ਆਪਣੀ ਵਿਦਵਤਾ ਅਤੇ ਤਜ਼ਬਰੇ ਦੇ ਨਾਲ ਬਾਖੂਬੀ ਨਿਭਾਇਆ। ਆਪਨੇ ਅਖ਼ਬਾਰ ਦੇ ਵਿੱਚ ਸੰਪਾਦਕੀ ਨੋਟ ਦਾ ਇਕ ਵਿਸ਼ੇਸ਼ ਕਾਲਮ ਸ਼ੁਰੂ ਕੀਤਾ ਜੋ ਬਹੁਤ ਸਲਾਹਿਆ ਗਿਆ। ਇੰਜ ਆਪ ਜੀ ਨੇ ਆਪਣਾ ਸਾਰਾ ਜੀਵਨ ਹੀ ਪੰਜਾਬੀ ਪੱਤਰਕਾਰੀ ਨੂੰ ਸਮਰਪਿਤ ਕਰ ਦਿੱਤਾ।

ਪਰਿਵਾਰ ਵਲੋਂ ਦਸਿਆ ਗਿਆ ਹੈ ਕਿ 8 ਫ਼ਰਵਰੀ 2023 ਦਿਨ ਬੁੱਧਵਾਰ 12 ਵਜੇ ਹੈਨਵਰਥ ਸ਼ਮਸ਼ਾਨ-ਘਾਟ ਵਿਖੇ ਆਪਜੀ ਦੀ ਮਿ੍ਰਤਕ ਦੇਹ ਨੂੰ ਅਗਨ ਭੇਂਟ ਕਰਕੇ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ, ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਵਿਖੇ ਅੰਤਮ ਅਰਦਾਸ ਹੋਵੇਗੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਵਾਗਵਣ ਤੋਂ ਮੁੱਕਤੀ ਬਖ਼ਸ਼ ਕੇ ਆਪਣੇ ਚਰਣਾ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ਣ।

ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)

Comments are closed, but trackbacks and pingbacks are open.