‘ਦੇਸ ਪ੍ਰਦੇਸ’ ਯੂ.ਕੇ ਦੇ ਮੁੱਖ ਸੰਪਾਦਕ ਸਰਦਾਰ ਗੁਰਬਖ਼ਸ਼ ਸਿੰਘ ਵਿਰਕ ਦਾ ਸਦੀਵੀ ਵਿਛੋੜਾ

ਅਫਸੋਸ ਪ੍ਰਗਟ ਕਰਨ ਵਾਲੇ ਸਮੂਹ ਭਾਈਚਾਰੇ ਦਾ ਤਹਿਦਿਲੋਂ ਧੰਨਵਾਦ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਯੂ ਕੇ ਵਿੱਚ ਛਪਦੇ ਸਭ ਤੋਂ ਪੁਰਾਣੇ ਅਖਬਾਰ ਦੇਸ ਪ੍ਰਦੇਸ ਦੇ ਮੁੱਖ ਸੰਪਾਦਕ ਸ. ਗੁਰਬਖਸ਼ ਸਿੰਘ ਵਿਰਕ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ, ਉਹ 86 ਵਰ੍ਹਿਆਂ ਦੇ ਸਨ। ਸ. ਵਿਰਕ ਆਪਣੇ ਪਿੱਛੇ ਬੇਟਾ ਸ. ਸਰਬਜੀਤ ਸਿੰਘ ਵਿਰਕ ਅਤੇ ਬੇਟੀ ਸਮੇਤ ਆਪਣਾ ਹੱਸਦਾ ਵੱਸਦਾ ਪ੍ਰੀਵਾਰ ਛੱਡ ਗਏ ਹਨ।

ਸ. ਵਿਰਕ ਦਾ ਜਨਮ 1937 ਵਿੱਚ ਅਣਵੰਡੇ ਪੰਜਾਬ ਦੇ ਸ਼ੇਖ਼ੂਪੁਰਾ ਵਿੱਚ ਹੋਇਆ ਸੀ, ਜਦ ਕਿ ਵੰਡ ਤੋਂ ਬਾਅਦ ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰੇਰੂ ਵਿਖੇ ਆ ਕੇ ਰਹਿਣ ਲੱਗੇ। ਸ. ਗੁਰਬਖਸ਼ ਸਿੰਘ ਵਿਰਕ ਨੇ ਸਾਰੀ ਜ਼ਿੰਦਗੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਗੁਜ਼ਾਰੀ, ਉਹਨਾ ਜਲੰਧਰ ਤੋਂ ਛਪਦੇ ਅਕਾਲੀ ਪੱਤਰਕਾ ਅਖਬਾਰ ਵਿੱਚ 1962 ਤੋਂ 1985 ਤੱਕ ਕੰਮ ਕੀਤਾ। ਦੇਸ ਪ੍ਰਦੇਸ ਦੇ ਬਾਨੀ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਵੱਲੋਂ ਵਾਰ ਵਾਰ ਕਹਿਣ ਤੋਂ ਬਾਅਦ ਸ. ਵਿਰਕ 1985 ਵਿੱਚ ਯੂ ਕੇ ਵਿੱਚ ਆ ਕੇ ਦੇਸ ਪ੍ਰਦੇਸ ਲਈ ਕੰਮ ਸ਼ੁਰੂ ਕੀਤਾ ਅਤੇ 1995 ਤੋਂ ਹੁਣ ਤੱਕ ਬਤੌਰ ਮੁੱਖ ਸੰਪਾਦਕ ਸੇਵਾਵਾਂ ਨਿਭਾਉਂਦੇ ਆ ਰਹੇ ਸਨ।

ਪੰਜਾਬੀ ਬੋਲੀ ਲਈ ਯੂ ਕੇ ਵਿੱਚ ਅਣਥੱਕ ਸੇਵਾਵਾਂ ਕਰਨ ਵਾਲੇ ਸ. ਵਿਰਕ ਦੇ ਅਕਾਲ ਚਲਾਣੇ ਦੀ ਖਬਰ ਕਾਰਨ ਯੂ ਕੇ ਭਰ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸ. ਬਰਜਿੰਦਰ ਸਿੰਘ ‘ਹਮਦਰਦ’ (ਮੁੱਖ ਸੰਪਾਦਕ ਅਜੀਤ), ਐਮ ਪੀ ਵਰਿੰਦਰ ਸ਼ਰਮਾਂ, ਐਮ ਪੀ ਤਨਮਨਜੀਤ ਸਿੰਘ ਢੇਸੀ, ਐਮ ਪੀ ਸੀਮਾ ਮਲਹੋਤਰਾ, ਲੰਡਨ ਅਸੈਂਬਲੀ ਮੈਂਬਰ ਡਾ. ਉਂਕਾਰ ਸਿੰਘ ਸਹੋਤਾ, ਬੀਬੀ ਬਲਵਿੰਦਰ ਕੌਰ ਚਾਹਲ, ਈਲਿੰਗ ਦੀ ਮੇਅਰ ਮਹਿੰਦਰ ਕੌਰ ਮਿੱਡਾ, ਹੰਸਲੋ ਮੇਅਰ ਰਘਵਿੰਦਰ ਸਿੰਘ ਸਿੱਧੂ, ਕੌਂਸਲਰ ਰਾਜੂ ਸੰਸਾਰਪੁਰੀ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ, ਸੁਖਦੇਵ ਸਿੰਘ ਔਜਲਾ ਮੁੱਖ ਪ੍ਰਬੰਧਕ ਸਿੰਘ ਸਭਾ, ਸ. ਰਾਜਿੰਦਰ ਸਿੰਘ ਪੁਰੇਵਾਲ ਪੰਜਾਬ ਟਾਈਮਜ਼, ਸ. ਦਲਜੀਤ ਸਿੰਘ ਸਹੋਤਾ, ਸ. ਮਨਜੀਤ ਸਿੰਘ ਲਿੱਟ, ਪ੍ਰਮਜੀਤ ਸਿੰਘ ਪੰਮੀ ਰੰਧਾਵਾ, ਸ. ਅਮਰਜੀਤ ਸਿੰਘ ਢਿੱਲੋਂ, ਸ. ਸੋਹਨ ਸਿੰਘ ਢਿੱਲੋਂ, ਰਵੀ ਬੋਲੀਨਾ, ਮਨਪ੍ਰੀਤ ਬੱਧਨੀ ਕਲਾਂ, ਸੁਖਦੇਵ ਸਿੰਘ ਢਿੱਲੋਂ, ਕਮਲਜੀਤ ਸਿੰਘ ਹੇਅਰ ਆਦਿ ਸਮੇਤ ਯੂ ਕੇ ਦੀਆਂ ਪ੍ਰਮੁੱਖ ਸਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਪੱਤਰਕਾਰੀ ਅਤੇ ਯੂ ਕੇ ਵਿੱਚ ਪੰਜਾਬੀ ਬੋਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਸਿੱਧ ਹਫਤਾਵਾਰੀ ਅਖ਼ਬਾਰ ‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸ੍ਰ. ਗੁਰਬਖ਼ਸ਼ ਸਿੰਘ ਵਿਰਕ ਜੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਬਰਤਾਨੀਆ ਦੀ ਧਰਤੀ ‘ਤੇ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ। 86 ਸਾਲ ਦੇ ਸ਼ਾਨਾਮੱਤੇ ਜੀਵਨ ਸਫਰ ਦੌਰਾਨ ਉਹਨਾਂ ਵੱਖ ਵੱਖ ਅਖਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ।

ਦੇਸ ਪ੍ਰਦੇਸ ਦੇ ਸੰਪਾਦਕ ਤਰਸੇਮ ਸਿੰਘ ਪੁਰੇਵਾਲ ਜੀ ਦੀ ਮੌਤ ਉਪਰੰਤ ਦੇਸ ਪ੍ਰਦੇਸ਼ ਨੂੰ ਮੁੜ ਉਹਨਾਂ ਲੀਹਾਂ ‘ਤੇ ਕਾਇਮ ਰੱਖਣ ਅਤੇ ਨਿਰੰਤਰ ਸਰਗਰਮ ਪੱਤਰਕਾਰਤਾ ਦਾ ਲੜ ਫੜੀ ਰੱਖਦਿਆਂ ਉਹਨਾਂ ਜਿੰਦਿਦਿਲੀ ਨਾਲ ਕੰਮ ਕੀਤਾ। ਉਹਨਾਂ ਦੇ ਅਕਾਲ ਚਲਾਣੇ ‘ਤੇ ਉਹਨਾਂ ਦੇ ਸਪੁੱਤਰ ਸਰਬਜੀਤ ਸਿੰਘ ਵਿਰਕ ਅਤੇ ਸਮੂਹ ਦੇਸ ਪ੍ਰਦੇਸ਼ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪ੍ਰਸਿੱਧ ਸ਼ਾਇਰ ਡਾ. ਤਾਰਾ ਸਿੰਘ ਆਲਮ, ਪ੍ਰਸਿੱਧ ਕਾਰੋਬਾਰੀ ਸੋਹਣ ਸਿੰਘ ਰੰਧਾਵਾ (ਗਲਾਸਗੋ) ਨੇ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਦੀ ਦੂਰ ਅੰਦੇਸ਼ੀ ਸੋਚ ਕਰਕੇ ਹੁਣ ਤੱਕ ਦੇਸ ਪ੍ਰਦੇਸ਼ ਨੇ ਪੱਤਰਕਾਰਤਾ ਦਾ ਝੰਡਾ ਬੁਲੰਦ ਰੱਖਿਆ ਹੋਇਆ ਹੈ।

ਜੱਗੀ ਕੁੱਸਾ ਨੇ ਕਿਹਾ ਕਿ ਗੁਰਬਖਸ਼ ਸਿੰਘ ਵਿਰਕ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਸਥਾਪਤ ਲੇਖਕਾਂ ਨੂੰ ਵੀ ਆਪਣੇ ਨਾਲ ਪਰਿਵਾਰ ਵਾਂਗ ਜੋੜ ਕੇ ਰੱਖਦੇ ਸਨ।

ਡਾ. ਤਾਰਾ ਸਿੰਘ ਆਲਮ ਦਾ ਕਹਿਣਾ ਸੀ ਕਿ ਉਹਨਾਂ ਦੇ ਜਾਣ ਨਾਲ ਬਰਤਾਨੀਆ ਵਿਚ ਪੱਤਰਕਾਰਤਾ ਦੇ ਇੱਕ ਯੁਗ ਦਾ ਅੰਤ ਹੋਇਆ ਹੈ ਪਰ ਉਮੀਦ ਹੈ ਕਿ ਸਰਬਜੀਤ ਸਿੰਘ ਵਿਰਕ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਲਈ ਡਟੇ ਰਹਿਣਗੇ। 

Comments are closed, but trackbacks and pingbacks are open.