Edition No: 2737
ਸੰਸਦਾ ਵਲੋਂ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ

ਲੰਡਨ – ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਦਰਮਿਆਨ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਚਲਾਇਆ ਗਿਆ ‘ਆਪਰੇਸ਼ਨ ਸਿੰਦੂਰ’ ਇਸ ਸਮੇਂ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੁੱਦੇ ’ਤੇ ਯੂ.ਕੇ ਦੀ ਸੰਸਦ ਵਿੱਚ ਲੰਮੀ ਚਰਚਾ ਕੀਤੀ ਗਈ। ਚਰਚਾ ਦੌਰਾਨ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਖੇਤਰ ਵਿੱਚ ਤਣਾਅ ਘਟਾਉਣ ਲਈ ਬਰਤਾਨੀਆ ਨੂੰ ਮਾਮਲੇ ’ਚ ਦਖ਼ਲ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

ਭਾਰਤ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ’ਚ 26 ਲੋਕਾਂ ਦੀ ਜਾਨ ਚਲੀ ਗਈ ਸੀ, ਦੇ ਜਵਾਬ ਵਿੱਚ ਮੰਗਲਵਾਰ ਦੇਰ ਰਾਤ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਇਸ ਮਾਮਲੇ ’ਤੇ ਚਰਚਾ ਕਰਦਿਆਂ ਬਿ੍ਰਟਿਸ਼ ਵਿਦੇਸ਼ ਸਕੱਤਰ ਹਾਮਿਸ਼ ਫਾਕਨਰ ਨੇ ਸੰਸਦ ਵਿੱਚ ਇੱਕ ਬਿਆਨ ਨਾਲ ਬਹਿਸ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੁਆਰਾ ਕੂਟਨੀਤੀ ਅਤੇ ਗੱਲਬਾਤ ਦੀ ਮਹੱਤਤਾ ’ਤੇ ਪਹਿਲਾਂ ਦਿੱਤੇ ਗਏ ਬਿਆਨਾਂ ਨੂੰ ਦੁਹਰਾਇਆ ਗਿਆ। ਉਸ ਨੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਬਿ੍ਰਟਿਸ਼ ਭਾਰਤੀਆਂ ਅਤੇ ਬਿ੍ਰਟਿਸ਼ ਪਾਕਿਸਤਾਨੀਆਂ ਲਈ ਸੰਘਰਸ਼ ਦੇ ਬਹੁਤ ਹੀ ‘‘ਨਿੱਜੀ’’ ਪਹਿਲੂ ਬਾਰੇ ਵੀ ਚਿੰਤਾ ਪ੍ਰਗਟ ਕੀਤੀ।

ਫਾਕਨਰ ਨੇ ਕਿਹਾ, ‘‘ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਲਗਾਤਾਰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਦੋਨਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ। ਉਨ੍ਹਾਂ ਨੂੰ ਜਲਦੀ, ਕੂਟਨੀਤਿਕ ਰਸਤਾ ਲੱਭਣ ਲਈ ਗੱਲਬਾਤ ਤਾ ਤਰੀਕਾ ਅਪਣਾਉਣ ਚਾਹੀਦਾ ਹੈ। ਯੂ.ਕੇ ਦਾ ਦੋਵਾਂ ਦੇਸ਼ਾਂ ਨਾਲ ਨੇੜਲਾ ਅਤੇ ਵਿੱਲਖਣ ਰਿਸ਼ਤਾ ਹੈ। ਇਹ ਦੇਖ ਕੇ ਦਿਲ ਦਹਿਲਾ ਜਾਂਦਾ ਹੈ ਕਿ ਆਮ ਨਾਗਰਿਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈਂਦੀਆਂ ਹਨ। ਜੇਕਰ ਤਣਾਅ ਇਸੇ ਤਰ੍ਹਾਂ ਵਧਦਾ ਰਿਹਾ, ਤਾਂ ਕੋਈ ਵੀ ਨਹੀਂ ਜਿੱਤੇਗਾ।