ਬਰਤਾਨੀਆ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਡਾਕਟਰ ਜਸਵੰਤ ਸਿੰਘ ਗਰੇਵਾਲ ਵਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾ ਨੂੰ ਸਮਰਪਿੱਤ ਸਕੂਲ ਵਿੱਚ ਕਮਰਾ ਬਣਵਾਇਆ ਗਿਆ

ਇਲਾਕੇ ਦੇ ਲੋਕਾਂ ਨੇ ਨਿਵੇਕਲੀ ਪਹਿਲ ਦੱਸਦਿਆਂ ਸ਼ਲਾਘਾ ਕੀਤੀ ਗਈ

ਲੁਧਿਆਣਾ – ਕੇਂਦਰ ਸਰਕਾਰ ਵਲੋਂ ਪਿਛਲੇ ਸਮੇਂ ’ਚ ਜਾਰੀ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲੇ ਕਿਸਾਨੀ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੀ ਯਾਦ ’ਚ ਪਿੰਡ ਮਹਿਮਾ ਸਿੰਘ ਵਾਲਾ ਦੇ ਸਮਾਜ ਸੇਵੀ ਡਾਕਟਰ ਜਸਵੰਤ ਸਿੰਘ ਗਰੇਵਾਲ ਯੂ.ਕੇ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਇੱਕ ਕਮਰੇ ਦਾ ਨਿਰਮਾਣ ਕਰਵਾਇਆ। ਬੀਤੇ ਦਿਨ ਇਸ ਕਮਰੇ ਦਾ ਉਦਘਾਟਨ ਗੁਰਪ੍ਰੀਤ ਸਿੰਘ ਮਿੰਟੂ ਸੇਵਾਦਾਰ ਮਨੁੱਖਤਾ ਦੀ ਸੇਵਾ ਕੇਂਦਰ ਹਸਨਪੁਰ ਅਤੇ ਜਮਹੂਰੀ ਕਿਸਾਨ ਸਭਾ ਲੁਧਿਆਣਾ ਦੇ ਆਗੂਆਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ’ਚ ਸਿਰ ਝੁਕਦਾ ਹੈ, ਪਿੰਡ ਦੇ ਸਮਾਜ ਸੇਵੀ ਪਰਿਵਾਰ ਨੇ ਸ਼ਹੀਦਾਂ ਦੀ ਯਾਦ ’ਚ ਸਕੂਲ ਅੰਦਰ ਕਮਰੇ ਦੀ ਉਸਾਰੀ ਕਰਵਾ ਕੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਲਛਮਣ ਸਿੰਘ ਸਾਬਕਾ ਡਾਇਰੈਕਟਰ ਨੇ ਕਿਹਾ ਕਿ ਜਿੱਥੇ ਅਸੀਂ ਇਹਨਾ ਸ਼ਹੀਦਾ ਨੂੰ ਯਾਦ ਕਰਿਆ ਕਰਾਂਗੇ, ਉੱਥੇ ਹੀ ਤਾਨਾਸ਼ਾਹ ਕੇਂਦਰ ਸਰਕਾਰ ਨੂੰ ਵੀ ਯਾਦ ਕਰਾਂਗੇ ਜਿਸ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਕਰ ਦਿੱਤਾ ਸੀ, ਪਰ ਕਿਸਾਨਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਪਏ ਸਨ।
ਇਸ ਮੌਕੇ ਗ੍ਰਾਮ ਪੰਚਾਇਤ ਮਹਿਮਾ ਸਿੰਘ ਵਾਲਾ ਵਲੋਂ ਇੰਗਲੈਂਡ ਨਿਵਾਸੀ ਡਾਕਟਰ ਜਸਵੰਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਮਿੰਟੂ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦਾ ਸਨਮਾਨ ਕੀਤਾ।

ਇਸ ਮੌਕੇ ਲਛਮਣ ਸਿੰਘ ਸਾਬਕਾ ਡਾਇਰੈਕਟਰ, ਸਰਪੰਚ ਪਰਮਿੰਦਰ ਕੌਰ, ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਢਿੱਲੋ, ਸੁਖਦੀਪ ਸਿੰਘ ਦੀਪਾ ਗਰੇਵਾਲ, ਸ਼ਪਿੰਦਰ ਸਿੰਘ ਅਮਰੀਕਾ, ਪੰਚ ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਕੌਰ, ਸੁਰਿੰਦਰ ਕੌਰ, ਜਸਵੰਤ ਕੌਰ ਪੰਚ, ਰਾਜਦੀਪ ਸਿੰਘ ਗਰੇਵਾਲ, ਬੁੱਧ ਸਿੰਘ ਗਰੇਵਾਲ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Comments are closed, but trackbacks and pingbacks are open.