ਸਮਾਰੋਹ ਦੌਰਾਨ ਰਾਣਾ ਭੋਗਪੁਰੀਆ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸਨਮਾਨ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਵੱਲੋਂ 19ਵਾਂ ਸਾਲਾਨਾ ਸਾਹਿਤਕ ਸਮਾਗਮ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੇਖਕ ਰਾਣਾ ਭੋਗਪੁਰੀਆ ਦੀ ਕਿਤਾਬ “ਵਿਦੇਸ਼ਾਂ ਵਿਚ ਪੰਜਾਬੀਅਤ ਦੇ ਝੰਡਾਬਰਦਾਰ” ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਇਸ ਵਿਸ਼ੇਸ਼ ਪੁਸਤਕ ਸੰਬੰਧੀ ਸੰਸਥਾ ਦੀ ਪ੍ਰਧਾਨ ਸ੍ਰੀਮਤੀ ਕੁਲਵੰਤ ਕੌਰ ਢਿੱਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਲੇਖਕ ਰਾਣਾ ਭੋਗਪੁਰੀਆ ਨੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਪੰਜਾਬੀ ਮਾਂ ਬੋਲੀ ਸਭਿਆਚਾਰ ਅਤੇ ਸਾਹਿਤਕ ਖੇਤਰ ਵਿੱਚ ਸ਼ਲਾਘਾਯੋਗ ਮੱਲਾਂ ਮਾਰੀਆਂ ਹਨ ਇਸ ਤੋਂ ਪਹਿਲਾਂ ਵੀ ਉਹ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਅਹਿਮ ਅਤੇ ਸਨਮਾਨਯੋਗ ਸਖਸ਼ੀਅਤਾਂ ਬਾਰੇ ਇੱਕ ਪੁਸਤਕ ਲਿਖ ਚੁੱਕੇ ਹਨ, ਜਿਸ ਨੂੰ ਸੰਸਾਰ ਭਰ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ। ਹੁਣ ਵੀ ਉਹਨਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਸ ਪੁਸਤਕ ਨੂੰ ਵੀ ਸੰਸਾਰ ਭਰ ਵਿੱਚ ਵੱਸਦੇ ਪੰਜਾਬੀ ਪਿਆਰੇ ਭਰਪੂਰ ਹੁੰਗਾਰਾ ਦੇਣਗੇ ਅਤੇ ਮੈਂ ਭਵਿੱਖ ਵਿਚ ਵੀ ਇਸ ਵਿਧਾ ਤੇ ਰਚਨਾ ਕਾਰਜ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹਾਂ। ਉਹਨਾਂ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਕਾਰਜ ਕਰਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀਆਂ ਭਵਿਖ ਦੀਆਂ ਜ਼ਿਮੇਵਾਰੀਆਂ ਹੋਰ ਵੀ ਵਧ ਗਈਆਂ ਹਨ।
ਇਸ ਮੌਕੇ ਐਮਪੀ ਵੀਰੇਂਦਰ ਸ਼ਰਮਾ, ਮੇਅਰ ਮਹਿੰਦਰ ਕੌਰ ਮਿੱਡਾ, ਮੇਅਰ ਰਘਵਿੰਦਰ ਸਿੰਘ ਸਿੱਧੂ, ਸਭਾ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਜਨਰਲ ਸੈਕਟਰੀ ਅਜ਼ੀਮ ਸ਼ੇਖ਼ਰ, ਖਜਾਨਚੀ ਮਨਪ੍ਰੀਤ ਸਿੰਘ ਬੱਧਨੀ ਕਲਾਂ, ਗੁਰਨਾਮ ਸਿੰਘ ਗਰੇਵਾਲ, ਮਨਜੀਤ ਕੌਰ ਪੱਡਾ ਨੇ ਇੰਗਲੈਂਡ ਵੱਸਦੇ ਸਾਹਿਤਕ ਭਾਈਚਾਰੇ ਵੱਲੋਂ ਲੇਖਕ ਰਾਣਾ ਭੋਗਪੁਰੀਆ ਦਾ ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਸਬੰਧੀ ਲਿਖੀਆਂ ਬੌਧਿਕ ਵਾਰਤਕ ਕਲਾ ਕਿਰਤਾ ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਸਮਾਗਮ ਦੇ ਪਹਿਲੇ ਭਾਗ ਦੀ ਪ੍ਰਧਾਨਗੀ ਅਵਤਾਰ ਉੱਪਲ, ਡਾ: ਕਰਨੈਲ ਸਿੰਘ ਸ਼ੇਰਗਿੱਲ, ਸ਼ੀਨ, ਮਹਿੰਦਰਪਾਲ ਸਿੰਘ ਪਾਲ, ਗੁਰਨਾਮ ਸਿੰਘ ਗਰੇਵਾਲ ਨੇ ਅਤੇ ਦੂਜੇ ਹਿੱਸੇ ਦੀ ਪ੍ਰਧਾਨਗੀ ਬਲਬੀਰ ਸਿੰਘ ਕੰਵਲ, ਨਿਰਮਲ ਸਿੰਘ ਕੰਧਾਲਵੀ, ਮਹਿੰਦਰ ਸਿੰਘ, ਡਾ: ਰਾਜਿੰਦਰਜੀਤ, ਸੰਤੋਖ ਸਿੰਘ ਹੇਅਰ, ਰੂਪਦਵਿੰਦਰ ਕੌਰ ਨੇ ਕੀਤੀ। ਅਖੀਰ ‘ਚ ਕਵੀ ਦਰਬਾਰ ‘ਚ ਯੂ.ਕੇ. ਭਰ ਤੋਂ ਆਏ ਕਵੀਆਂ ਨੇ ਹਿੱਸਾ ਲਿਆ।
Comments are closed, but trackbacks and pingbacks are open.