ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਸਿੰਘ ਸਭਾ ਸਾਊਥਾਲ ਪ੍ਰਧਾਨ ਹਿੰਮਤ ਸਿੰਘ ਸੋਹੀ ਨੇ ਵੀ ਕੀਤੀ ਸੇਵਾ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਦੇ ਕਸਬੇ ਹੇਜ ਵਿਖੇ ਪਿਛਲੇ ਲਗਪਗ 15 ਸਾਲ ਤੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਛਬੀਲ ਨਿਰੰਤਰ ਲਗਾਈ ਜਾ ਰਹੀ ਹੈ। ਬੀਤੇ ਦਿਨ ਲੰਡਨ ਦੇ ਪ੍ਰਸਿੱਧ ਰੈਸਟੋਰੈਂਟ ਪਿੰਕ ਸਿਟੀ ਹੇਜ ਦੇ ਮਾਲਕ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ, ਕੌਂਸਲਰ ਰਾਜੂ ਸੰਸਾਰਪੁਰੀ ਤੇ ਪਿੰਕ ਸਿਟੀ ਸਟਾਫ ਦੇ ਉਪਰਾਲੇ ਨਾਲ ਲਗਾਈ ਗਈ ਛਬੀਲ ਦੌਰਾਨ ਸਾਰਾ ਦਿਨ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ, ਕੋਲਡ ਡਰਿੰਕ ਦੀਆਂ ਕੈਨਾਂ ਆਦਿ ਵਰਤਾਈਆਂ ਜਾਂਦੀਆਂ ਰਹੀਆਂ। ਬਹੁਤ ਸਾਰੇ ਰਾਹਗੀਰਾਂ ਵੱਲੋਂ ਮੁਫ਼ਤ ਵਰਤਾਏ ਜਾ ਰਹੇ ਪੀਣ ਵਾਲੇ ਪਦਾਰਥਾਂ ਦੀ ਵਜ੍ਹਾ ਪੁੱਛਣ ‘ਤੇ ਪ੍ਰਬੰਧਕਾਂ ਵੱਲੋਂ ਜੂਨ ਮਹੀਨੇ ਵਿੱਚ ਛਬੀਲ ਲਗਾਉਣ ਦੇ ਇਤਿਹਾਸਕ ਪਿਛੋਕੜ ਬਾਰੇ ਦੱਸਿਆ ਜਾਂਦਾ ਰਿਹਾ।
ਇਸ ਸਮੇਂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਕੌਂਸਲਰ ਗੁਰਸ਼ਰਨ ਸਿੰਘ ਮੰਡ, ਕੌਂਸਲਰ ਕਮਲਪ੍ਰੀਤ ਕੌਰ, ਸੁਖਵਿੰਦਰ ਸਿੰਘ, ਅਜੈਬ ਸਿੰਘ ਪੁਆਰ, ਕਸ਼ਮੀਰ ਸਿੰਘ, ਮਹਿੰਦਰ ਸਿੰਘ ਬੀਰਾ, ਹਰਪ੍ਰੀਤ ਸਿੰਘ, ਜਸਵੀਰ ਸਿੰਘ ਰਾਇਤ, ਜਗਦੀਸ਼ ਸਿੰਘ ਜੌਹਲ, ਪ੍ਰੀਤਮ ਸਿੰਘ ਬਰਾੜ, ਕਾਬਲ ਸਿੰਘ ਗਿੱਲ, ਦੀਪਕ ਸਿੰਘ, ਪ੍ਰਦੀਪ ਸਿੰਘ ਮੈਰਾਥਨ ਦੌੜਾਕ, ਗਿਆਨੀ ਮੱਖਣ ਸਿੰਘ ਆਦਿ ਨੇ ਵੀ ਸੇਵਾ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ।
ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਨੇ ਇਸ ਉਪਰਾਲੇ ਲਈ ਪਿੰਕ ਸਿਟੀ ਹੇਜ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ ਨੇ ਪਿਛਲੇ ਡੇਢ ਦਹਾਕੇ ਤੋਂ ਲਗਦੀ ਆ ਰਹੀ ਇਸ ਛਬੀਲ ਲਈ ਸਮੂਹ ਸੇਵਾਦਾਰਾਂ ਨੂੰ ਸ਼ਾਬਾਸ਼ ਦਿੱਤੀ। ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਤੇ ਕੌਂਸਲਰ ਰਾਜੂ ਸੰਸਾਰਪੁਰੀ ਵੱਲੋਂ ਸਮੂਹ ਸੰਗਤ ਤੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਵੱਲੋਂ ਗੁਰੂ ਸਾਹਿਬ ਦੀ ਯਾਦ ਵਿੱਚ ਵਿੱਢੇ ਕਾਰਜ ਵਿੱਚ ਸਾਥੀ ਬਣ ਕੇ ਸਫਲ ਬਣਾਇਆ।
Comments are closed, but trackbacks and pingbacks are open.