ਇਸ ਵਿਤਕਰੇ ਵਿਰੁੱਧ ਭਾਈਚਾਰੇ ਨੂੰ ਸੜਕਾਂ ’ਤੇ ਉਤਰ ਕੇ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਈ
ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ’ਚ ਗੁਰਦੁਆਰਿਆਂ ’ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਨਹਿਰੂ-ਲਿਆਕਤ ਸਮਝੌਤਾ (1950) ਅਤੇ ਪੰਤ ਮਿਰਜ਼ਾ ਸਮਝੌਤੇ (1955) ਦੀ ਉਲੰਘਣਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਭਾਰਤੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਉੱਥੇ ਰਹਿੰਦੇ ਹਿੰਦੂ ਅਤੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਾਕਿਸਤਾਨ ਸਰਕਾਰ ’ਤੇ ਕੂਟਨੀਤਕ ਠੋਸ ਦਬਾਅ ਪਾਉਣ ਦੀ ਅਪੀਲ ਕੀਤੀ ਹੈ।
ਉਨਾਂ ਕਿਹਾ ਕਿ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਮਨੀ ਸਿੰਘ, ਗੁ: ਭਾਈ ਤਾਰੂ ਸਿੰਘ ਅਤੇ ਗੁ: ਖਾਸਾ ’ਤੇ ਨਜਾਇਜ਼ ਕਬਜ਼ਿਆਂ ਬਾਰੇ ਖ਼ੁਲਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਉੱਥੋਂ ਦੀ ਮੀਡੀਆ ਵੱਲੋਂ ਕੀਤੇ ਜਾ ਰਹੇ ਹਨ। ਉਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਵੱਖ ਵੱਖ ਪੁਲੀਸ ਥਾਣਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਨਾਂ ਪਾਕਿਸਤਾਨ ’ਚ ਅੰਦਰ ਘੱਟਗਿਣਤੀ ਭਾਈਚਾਰੇ ਉੱਤੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਿੰਧ ਦੇ ਲਰਕਾਨਾ ਦੇ ਘਾਸਪੀੜ੍ਹੀ ਇਲਾਕੇ ’ਚ ਇਕ ਪੁਰਾਤਨ ਵਾਲਮੀਕਿ ਮੰਦਰ ਦਾ ਮੁਰੰਮਤ ਕਾਰਜ ਕੱਟੜਪੰਥੀਆਂ ਵੱਲੋਂ ਰੋਕਿਆ ਗਿਆ ਅਤੇ ਵਾਲਮੀਕਿ ਭਾਈਚਾਰੇ ਨੂੰ ਪੂਜਾ ਪਾਠ ਵੀ ਨਹੀਂ ਕਰਨ ਦਿੱਤਾ ਗਿਆ। ਇਸ ਵਿਤਕਰੇ ਵਿਰੁੱਧ ਭਾਈਚਾਰੇ ਨੂੰ ਸੜਕਾਂ ’ਤੇ ਉਤਰ ਕੇ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਈ ।
ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ’ਚ ਹਿੰਦੂ ਲੜਕੀਆਂ ’ਤੇ ਅੱਤਿਆਚਾਰ ਬੇਰੋਕ ਜਾਰੀ ਹਨ। ਉਨਾਂ ਦੱਸਿਆ ਕਿ ਦੋ ਹਫ਼ਤਿਆਂ ’ਚ ਚੌਥੀ ਹਿੰਦੂ ਲੜਕੀ ਨੂੰ ਅਗਵਾ ਕਰਦਿਆਂ ਇਸਲਾਮ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਗਿਆ। ਇਨ੍ਹਾਂ ’ਚੋਂ ਮੀਰਪੁਰਖਾਸ ਦੀ ਹਿੰਦੂ ਲੜਕੀ ਨੂੰ ਅਗਵਾ ਕਰਨ ਉਪਰੰਤ ਇਸਲਾਮ ਕਬੂਲ ਕਰਾਉਂਦਿਆਂ ਉਸ ਦਾ ਵਿਆਹ ਇਕ ਮੁਸਲਮਾਨ ਨਾਲ ਜਬਰੀ ਕਰ ਦਿੱਤਾ ਗਿਆ। ਨਾਸਰਪੁਰ ਦੀ ਅਗਵਾ ਹੋਈ ਲੜਕੀ 14 ਸਾਲ ਦੀ ਸੀ। ਇਕ ਘਟਨਾ ਦੌਰਾਨ ਸਿੰਧ ਦੇ ਹੀ ਥਾਰਪਰਕਾਰ ਦੇ ਕਸਬਾ ਛਛਰੇ ਦੇ ਨੇੜਲੇ ਪਿੰਡ ਚੱਪਰ ਦੀਨ ਸ਼ਾਹ ’ਚ ਇਕ ਹਿੰਦੂ ਲੜਕੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ, ਜਿਸ ਦਾ ਗੰਭੀਰ ਨੋਟਿਸ ਸਿੰਧ ਹਾਈਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਸ਼ੇਖ ਨੇ ਵੀ ਲਿਆ। ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ ‘ਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਦਿਆਂ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਆਪਣੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਹਰ ਖੇਤਰ ਵਿੱਚ ਜ਼ਾਲਮ ਨਿਜ਼ਾਮ ਕਾਰਨ ਹਿੰਦੂ ਤੇ ਸਿੱਖ ਭਾਈਚਾਰਾ ਕਦੇ ਵੀ ਸੁਖਾਵਾਂ ਸਥਿਤੀ ਵਿੱਚ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਕੋਈ ਨਿਯੰਤਰਨ ਨਹੀਂ ਹੈ। ਆਮ ਤੌਰ ‘ਤੇ ਉਨਾਂ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾਂਦਾ। ਜਿਸ ਕਰਕੇ ਹਿੰਦੂ ਤੇ ਸਿੱਖਾਂ ਵਿਰੁੱਧ ਅਜਿਹੀਆਂ ਹਰਕਤਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਘੱਟਗਿਣਤੀਆਂ ਵਿਰੁੱਧ ਕਾਰੇ ’ਚ ਸ਼ਾਮਿਲ ਕੱਟੜਪੰਥੀਆਂ ’ਤੇ ਸਖ਼ਤ ਕਾਰਵਾਈ ਨਾ ਕਰਕੇ ਉਨ੍ਹਾਂ ਦੀ ਫ਼ਿਰਕੂ ਸੋਚ ਨੂੰ ਉਤਸ਼ਾਹਿਤ ਕਰਨ ਰਹੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਅਤੇ ਫਿਰ ਅਗਵਾਕਾਰਾਂ ਨਾਲ ਵਿਆਹ ਕਰਨਾ ਆਮ ਵਰਤਾਰਾ ਹੋ ਚੁੱਕਿਆ ਹੈ। ਬਹੁਤੇ ਮਾਮਲਿਆਂ ’ਚ ਕੁੜੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਹੈ । ਸੰਯੁਕਤ ਰਾਸ਼ਟਰ ਦੀ ਪੈਨਲ ਅਤੇ ਗਲੋਬਲ ਸਟ੍ਰੈਟ ਵਿਊ ਨੇ ਵੀ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਹਿੰਦੂ ਤੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਸਮੇਂ ਸਿਰ ਠੋਸ ਕਦਮ ਨਾ ਚੁੱਕਿਆ ਤਾਂ ਘੱਟਗਿਣਤੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧੇਗੀ। ਜਿਸ ਨਾਲ ਪਾਕਿਸਤਾਨ ਨੂੰ ਵਿਸ਼ਵ ਭਾਈਚਾਰੇ ’ਚ ਬਦਨਾਮੀ ਤੇ ਨਮੋਸ਼ੀ ਝੱਲਣੀ ਪਵੇਗੀ।
Comments are closed, but trackbacks and pingbacks are open.