ਮਾਹਿਲਪੁਰ (ਹਰਵੀਰ ਮਾਨ) – ਨਿੱਕੀਆਂ ਕਰੂੰਬਲਾਂ ਬਚਪਨ ਨੂੰ ਸੰਵਾਰਦੀਆਂ ਅਤੇ ਸ਼ਿੰਗਾਰਦੀਆਂ ਹਨ। ਇਹ ਵਿਚਾਰ ਇੰਗਲੈਂਡ ਦੇ ਉੱਘੇ ਕਹਾਣੀਕਾਰ ਰਾਜਿੰਦਰ ਸਿੰਘ ਫਲੋਰਾ ਨੇ ‘ ਬਾਲ ਸਾਹਿਤ ਦੀ ਮਹੱਤਤਾ ‘ ਵਿਸ਼ੇ ਤੇ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਪਿਛਲੇ 28 ਸਾਲ ਤੋਂ ਬਲਜਿੰਦਰ ਮਾਨ ਦੀ ਸਿਰੜ, ਮਿਹਨਤ ਅਤੇ ਲਗਨ ਸਦਕਾ ਨਿਰੰਤਰ ਪ੍ਰਕਾਸ਼ਿਤ ਹੋਣ ਕਰਕੇ ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਹੋ ਚੁੱਕਾ ਹੈ।
ਮਾਹਿਲਪੁਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੋਂ ਛਪਦਾ ਬਾਲ ਰਸਾਲਾ ਪੂਰੀ ਦੁਨੀਆ ਵਿੱਚ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ। ਇਸ ਰਸਾਲੇ ਦੇ ਪਾਠਕ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ। ਜਿਹੜੇ ਵਿਦਿਆਰਥੀ ਇਸ ਰਸਾਲੇ ਦੇ ਪਾਠਕ ਹਨ ਉਹ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰ ਰਹੇ ਹਨ। ਇਸ ਕਾਰਜ ਵਾਸਤੇ ਬਲਜਿੰਦਰ ਮਾਨ ਅਤੇ ਨਿੱਕੀਆਂ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉੱਘੇ ਚਿੱਤਰਕਾਰ ਅਤੇ ਸਾਹਿਤਕਾਰ ਬੁੱਧ ਸਿੰਘ ਨਡਾਲੋਂ, ਪ੍ਰਿੰ. ਸੁਰਿੰਦਰ ਪਾਲ ਸਿੰਘ ਪਰਦੇਸੀ, ਸਾਹਿਤਕਾਰ ਅਮਰੀਕ ਸਿੰਘ ਦਿਆਲ, ਕਵਿਤਰੀ ਅਮਰਜੀਤ ਕੌਰ ਅਮਰ, ਪ੍ਰਿੰਸੀਪਲ ਰੋਹਤਾਸ਼ ਅਤੇ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸਮਾਜ ਭਲਾਈ ਦੇ ਇਸ ਕਾਰਜ ਵਿੱਚ ਸਾਨੂੰ ਸਭ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਖਾਸ ਕਰਕੇ ਅਧਿਆਪਕਾਂ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਹੱਥ ਅਜਿਹੇ ਬਾਲ ਰਸਾਲੇ ਜ਼ਰੂਰ ਦੇਣੇ ਚਾਹੀਦੇ ਹਨ। ਜਿਹੜੇ ਉਹਨਾਂ ਦੇ ਜੀਵਨ ਨੂੰ ਉਚੇਰੀਆਂ ਕਦਰਾਂ ਕੀਮਤਾਂ ਨਾਲ ਲੈਸ ਕਰਦੇ ਹਨ। ਇਸ ਮੌਕੇ ਸਾਹਿਤਕਾਰ ਰਘੁਬੀਰ ਸਿੰਘ ਕਲੋਆ, ਪ੍ਰੋਫੈਸਰ ਅਜੀਤ ਲੰਗੇਰੀ, ਪਰਮਜੀਤ ਕਾਤਿਬ ਅਤੇ ਬੱਬੂ ਮਾਹਿਲਪੁਰੀ ਨੇ ਕਿਹਾ ਕਿ ਬਾਲ ਸਾਹਿਤ ਨੂੰ ਜੀਵਨ ਵਿੱਚੋਂ ਕਦੀ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਸੁਖਮਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਜੇਕਰ ਉਹ ਅੱਜ ਕਲਾ ਜਗਤ ਵਿੱਚ ਮਸ਼ਹੂਰੀਆਂ ਖੱਟ ਰਿਹਾ ਹੈ ਤਾਂ ਉਹ ਸਾਰਾ ਕੁਝ ਨਿੱਕੀਆਂ ਕਰੂੰਬਲਾਂ ਦੀ ਦੇਣ ਸਦਕਾ ਹੈ।
ਸੈਮੀਨਾਰ ਮੌਕੇ ਕਲਾਕਾਰ ਵਿਦਿਆਰਥੀਆਂ ਵੱਲੋਂ ਆਪਣੀਆਂ ਕਲਾਤਮਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਿੰ. ਮਨਜੀਤ ਕੌਰ, ਰਵਿੰਦਰ ਬੰਗੜ, ਦਵਿੰਦਰ ਬੱਬੂ, ਨੀਲ ਕਮਲ, ਅਵਤਾਰ ਸਿੰਘ ਚਾਣਥੂ ਜੱਟਾਂ, ਰਮੇਸ਼ ਬੇਧਾੜਕ, ਚੈਂਚਲ ਸਿੰਘ ਬੈਂਸ , ਇਕਾਈ ਸਕੱਤਰ ਜੀਵਨ ਚੰਦੇਲੀ, ਸਰਬਜੀਤ ਸਿੰਘ, ਜਸਬੀਰ ਬੇਗਮਪੁਰੀ, ਹਰਮਨਪ੍ਰੀਤ ਕੌਰ, ਨਿਧੀ ਅਮਨ ਸਹੋਤਾ, ਹਰਵੀਰ ਮਾਨ, ਪਵਨ ਸਕਰੂਲੀ ਸਮੇਤ ਬੱਚੇ, ਅਧਿਆਪਕ, ਮਾਪੇ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਸੁਰ ਸੰਗਮ ਵਿਦਿਕ ਟ੍ਰਸਟ ਦੀਆਂ ਬਾਲ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
Comments are closed, but trackbacks and pingbacks are open.