ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਨਤਮਸਤਕ ਹੋਏ
ਜਲੰਧਰ – ਯੂ.ਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮੀਡੀਆ ਦੇ ਇਕ ਹਿੱਸੇ ਵਿੱਚ ਆਪਣੇ ਖਿਲਾਫ ਛਪੇ ਸਿਆਸੀ ਬਿਆਨਾਂ ਨੂੰ ਹਾਸੋਹੀਣੇ, ਬਿਲਕੁਲ ਕੋਰਾ ਝੂਠ, ਬੇਬੁਨਿਆਦ ਅਤੇ ਅਪਮਾਨਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਜ਼ਿਸ਼ ਮੁੱਠੀ ਭਰ ਅਨਸਰਾਂ ਵੱਲੋਂ ਰਚੀ ਗਈ ਹੈ ਜਦਕਿ ਬਹੁਗਿਣਤੀ ਦੁਨੀਆਂ ਦੇ ਲੋਕ ਅਜਿਹੇ ਝੂਠ, ਥੋਥੀ ਅਤੇ ਗਲਤ ਜਾਣਕਾਰੀ ਨੂੰ ਨਕਾਰਨ ਲਈ ਬਹੁਤ ਜ਼ਿਆਦਾ ਬੁੱਧੀਮਾਨ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਗਿਣੇ-ਚੁਣੇ ਬੰਦਿਆਂ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਅੰਦੋਲਨ ਤੋਂ ਕੁੱਝ ਨਹੀਂ ਸਿੱਖਿਆ, ਜਦੋਂ ਅਜਿਹੇ ਕੱਚਘਰੜ ਲੋਕਾਂ ਨੇ ਕਿਸਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਖੜ੍ਹੇ ਕਿਸੇ ਵੀ ਵਿਅਕਤੀ ਨੂੰ ਭਾਰਤ ਵਿਰੋਧੀ, ਅੱਤਵਾਦੀ ਅਤੇ ਵੱਖਵਾਦੀ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹੇ ਬੰਦੇ ਪਿਛਲੇ ਇੱਕ ਸਾਲ ਤੋਂ ਇਸੇ ਤਰ੍ਹਾਂ ਦੇ ਹੋਛੇ ਹੱਥਕੰਡੇ ਵਰਤ ਕੇ ਮੇਰੇ ਵਰਗੇ ਮਨੁੱਖੀ ਅਧਿਕਾਰ ਹਮਾਇਤੀ ਲੋਕਾਂ ਨੂੰ ਬਦਨਾਮ ਕਰਨ ਦੀ ਅਸਫ਼ਲ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ, ਕਿਉਂਕਿ ਮੈਂ ਕਿਸਾਨਾਂ ਦੇ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਦੀ ਹਿੰਮਤ ਕੀਤੀ ਸੀ।
ਆਪਣੇ ਅਤੀਤ ਬਾਰੇ ਗੱਪਾਂ ਰਾਹੀਂ ਅਫਵਾਹਾਂ ਫੈਲਾਉਣ ਦੀ ਸਖਤ ਨਿਖੇਧੀ ਕਰਦੇ ਹੋਏ ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜਿਸ ਤਰਾਂ ਮੈਂ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕੀਤਾ ਹੈ ਤਾਂ ‘ਟਵਿੱਟਰ ਟ੍ਰੋਲ ਫੈਕਟਰੀ’ ਦੁਆਰਾ ਦੋ ਰੁਪਏ ਪ੍ਰਤੀ ਟਵੀਟ ਕਰਾਉਣ ਅਤੇ ਸ਼ੋਸ਼ਲ ਮੀਡੀਆ ਦੇ ਫਰਜੀ ਖਾਤੇ ਮੇਰੇ ਵਰਗੇ ਨਿਰਪੱਖ ਲੋਕਾਂ ਦੀ ਅਵਾਜ਼ ਨੂੰ ਚੁੱਪ ਨਹੀਂ ਕਰਾ ਸਕਣਗੇ ਜੋ ਸੱਚਾਈ ਅਤੇ ਨਿਆਂ ਲਈ ਬੋਲਣ ਬਾਰੇ ਜੋਰਦਾਰ ਢੰਗ ਨਾਲ ਆਵਾਜ ਉਠਾਉਂਦੇ ਰਹਿਣਗੇ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਦੁਨੀਆ ਭਰ ਵਿੱਚ ਹਾਸੀਏ ‘ਤੇ ਪਏ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਲਗਾਤਾਰ ਮੁੱਦੇ ਉਠਾਏ ਹਨ ਜਿਸ ਵਿੱਚ ਸ੍ਰੀਲੰਕਾ ਦੇ ਹਿੰਦੂ ਅਤੇ ਈਸਾਈ, ਕਸ਼ਮੀਰੀ, ਫਲਸਤੀਨੀ, ਮਿਆਂਮਾਰ ਅਤੇ ਹੋਰ ਬਾਹਰੀ ਦੇਸ਼ਾਂ ਦੇ ਮੁਸਲਮਾਨ ਸ਼ਾਮਲ ਹਨ। ਢੇਸੀ ਨੇ ਸਪੱਸ਼ਟ ਕੀਤਾ ਕਿ ਇੱਕ ਸਿੱਖ ਹੋਣ ਦੇ ਨਾਤੇ, ਸਾਨੂੰ ਛੋਟੀ ਉਮਰ ਤੋਂ ਹੀ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਖੜੇ ਹੋਣਾ ਅਤੇ ਸਭ ਦੀ ਬਿਹਤਰੀ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਕੁੱਝ ਮੀਡੀਆ ਵਿੱਚ ਏਜੰਸੀਆਂ ਰਾਹੀਂ ਹਾਸੋਹੀਣੇ ਸਿਆਸੀ ਬਿਆਨ ਅਤੇ ਬੇਬੁਨਿਆਦ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ ਕਿ ਮੈਂ ਲੰਡਨ ਵਿਖੇ ‘2020 ਰੈਲੀ’ ਵਿੱਚ ਭਾਰਤ ਵਿਰੋਧੀ ਭਾਸਣ ਦਿੱਤਾ ਸੀ ਜੋ ਕਿ ਸਰਾਸਰ ਅਪਮਾਨਜਨਕ ਅਤੇ ਬਿਲਕੁਲ ਝੂਠ ਹੈ ਕਿਉਂਕਿ ਮੈਂ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਹੋਇਆ।
ਢੇਸੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਕੁੱਝ ਅਜਿਹੇ ਸ਼ਖਸ਼ ਹਨ ਜਿਨ੍ਹਾਂ ਨੇ ਮੈਨੂੰ ਭਾਰਤ ਹਮਾਇਤੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਦੋਂ ਕਿ ਭਾਰਤ ਵਿੱਚ ਕੁੱਝ ਸੱਜੇ ਪੱਖੀ ਕੱਟੜਪੰਥੀ ਇਹ ਪ੍ਰਚਾਰ ਕਰਨ ਦੀ ਅਸਫ਼ਲ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ ਕਿ ਮੈਂ ਭਾਰਤ ਵਿਰੋਧੀ ਹਾਂ। ਉਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਬਹੁਤ ਜ਼ਿਆਦਾ ਬੁੱਧੀਮਾਨ ਤੇ ਚੰਗੇ ਲੋਕ ਹਨ ਜੋ ਅਜਿਹੇ ਕੋਰੇ ਝੂਠ ਅਤੇ ਮੂਲੋਂ ਗਲਤ ਜਾਣਕਾਰੀ ਵਿੱਚ ਫਸਣ ਵਾਲੇ ਨਹੀਂ ਹਨ।
ਇਸੇ ਦੌਰਾਨ ਸ. ਤਨਮਨਜੀਤ ਸਿੰਘ ਢੇਸੀ ਨੇ ਆਪਣੀ ਸੁਪਤਨੀ ਮਨਵੀਰ ਕੌਰ, ਬੇਟੇ ਤੋਸ਼ਾਬ ਸਿੰਘ ਅਤੇ ਜੋਗਾਦ ਸਿੰਘ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਢੇਸੀ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਪ੍ਰੈੱਸ ਕਾਨਫਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
Comments are closed, but trackbacks and pingbacks are open.