ਸਿੱਖ ਜਥੇਬੰਦੀਆਂ ਨੇ ਭਾਰੀ ਵਿਰੋਧ ਕੀਤਾ
ਦਿੱਲੀ – ਕਰਨਾਟਕ ਵਿਖੇ ਸਿੱਖ ਵਿਦਿਆਰਥੀਆਂ ਨਾਲ ਦਸਤਾਰ ਤੇ ਪਟਕਾ ਸਜਾਉਣ ਕਰਕੇ ਹੋ ਰਹੇ ਵਿਤਕਰੇ ਨੂੰ ਲੈਕੇ ਜਾਗੋ ਪਾਰਟੀ ਚੌਕਸ ਹੋ ਗਈ ਹੈ। ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਲ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਕਰੋਨਾ ਪੋਜੀਟੀਵ ਹੋਣ ਕਰਕੇ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਜੀਕੇ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਦਸਿਆ ਕਿ ਕਰਨਾਟਕ ਵਿੱਚ ਇੱਕ ਸਿੱਖ ਬੱਚੀ ਨੂੰ ਦਸਤਾਰ ਸਣੇ ਕਾਲਜ ਆਉਣ ਤੋਂ ਰੋਕਣ ਅਤੇ 6 ਸ਼ਾਲ ਦੇ ਸਿੱਖ ਬੱਚੇ ਨੂੰ ਪਟਕੇ ਸਣੇ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਨ ਦੀ ਖਬਰਾਂ ਆਈਆਂ ਹਨ। ਹਾਲਾਂਕਿ ਇਸ ਪਿੱਛੇ ਵਿਦਿਅਕ ਅਦਾਰਿਆਂ ਵੱਲੋਂ ਹਿਜਾਬ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਆਏ ਅੰਤਰਿਮ ਆਦੇਸ਼ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪਰ ਅਸੀਂ ਇਸ ਵਿਤਕਰੇ ਨੂੰ ਕਿਸੀ ਕੀਮਤ ਉਤੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ।
ਇਸ ਦੇ ਨਾਲ ਹੀ ਵਕੀਲਾਂ ਦੀ ਟੀਮ ਇਸ ਮਸਲੇ ਵਿੱਚ ਬਣਦੀ ਅਗਲੇਰੀ ਕਾਰਵਾਈ ਬਾਰੇ ਦਿਸ਼ਾ ਤੈਅ ਕਰ ਰਹੀ ਹੈ। ਲੋੜ ਪੈਣ ‘ਤੇ ਕਾਨੂੰਨੀ ਲੜਾਈ ਲਈ ਕਰਨਾਟਕ ਹਾਈ ਕੋਰਟ, ਸੁਪਰੀਮ ਕੋਰਟ ਜਾਂ ਕੌਮੀ ਘੱਟ ਗਿਣਤੀ ਕਮਿਸ਼ਨ ਆਦਿਕ ਤੋਂ ਲੈਕੇ ਸਿਆਸੀ ਲੜਾਈ ਲਈ ਸੜਕਾਂ ‘ਤੇ ਵੀ ਉਤਰ ਸਕਦੇ ਹਾਂ। ਕਿਉਂਕਿ ਭਾਰਤ ਦਾ ਸੰਵਿਧਾਨ ਸਾਨੂੰ ਧਾਰਮਿਕ ਅਜ਼ਾਦੀ ਦੇ ਨਾਲ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੰਦਾ ਹੈ। ਇਸ ਲਈ ਦਸਤਾਰ ਜਾਂ ਪਟਕੇ ਕਰਕੇ ਸਿੱਖ ਵਿਦਿਆਰਥੀਆਂ ਨੂੰ ਸਕੂਲ-ਕਾਲਜ ਵਿੱਚ ਦਾਖਲ ਹੋਣ ਤੋਂ ਰੋਕਣਾ ਨਾਗਰਿਕ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੇ ਬਰਾਬਰ ਹੈ।
ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਦੇ ਪਿਤਾ ਸ੍ਰ. ਗੁਰਚਰਨ ਸਿੰਘ ਨੇ ਦੱਸਿਆ ਕਿ ਮੇਰੇ ਸਾਰੇ ਬੱਚੇ ਅੰਮ੍ਰਿਤਧਾਰੀ ਹਨ, ਸਾਰੇ ਹੀ ਸਿੱਖ ਰਹਿਤ ਮਰਯਾਦਾ ਦੇ ਪੂਰਨ ਧਾਰਨੀ ਹਨ, ਸਾਡੇ ਸਮੁੱਚੇ ਪ੍ਰੀਵਾਰ ਨੂੰ ਕਾਲਜ ਦੇ ਇਸ ਭੈਭੀਤ ਕਰਨ ਵਾਲਾ ਅਤੇ ਵਿਤਕਰੇ ਭਰਪੂਰ ਹੁਕਮ ਨਾਲ ਗਹਿਰਾ ਦੁੱਖ ਪੁੱਜਾ ਹੈ।ਉਸ ਨੇ ਸੱਦਿਆ ਕਿ ਮੈਂ ਖੁਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਲਸੂਰ ਵਲੋਂ ਬਣਾਈ ਸਿੱਖ ਸੁਸਇਟੀ ਦਾ ਮੈਂਬਰ ਹਾਂ, ਅਸੀਂ ਅਜਿਹੇ ਹੁਕਮ ਦੀ ਪਾਲਣਾ ਬਿਲਕੁਲ ਨਹੀਂ ਕਰ ਸਕਦੇ।ਕਾਲਜ ਦੇ ਮੰਦਭਾਗੇ ਧੱਕੜ, ਨਿੰਦਣ ਵਾਲੇ ਫੈਸਲੇ ਸੰਬੰਧੀ ਬਾਬਾ ਬਲਬੀਰ ਸਿੰਘ ਨੇ ਕਰਨਾਟਕ ਸਰਕਾਰ ਨੂੰ ਕਿਹਾ ਹੈ ਕਿ ਕਾਲਜ ਪ੍ਰਬੰਧਕ ਨੂੰ ਅਜਿਹੇ ਫਰੁਮਾਨ ਜਾਰੀ ਕਰਨ ਤੋਂ ਰੋਕਿਆ ਜਾਵੇ।ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਕਾਂ ਦੀ ਅਜਿਹੀ ਕਾਰਵਾਈ ਨਾਲ ਸਮੁੱਚੀਆਂ ਘੱਟ ਗਿਣਤੀਆਂ ਨਾਲ ਦੇਸ਼ ਅੰਦਰ ਦੂਸਰੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਜਿਹੀਆਂ ਮੰਦਭਾਗੀਆਂ ਹਿਰਦੇ ਵੰਲੂਧਰਣ ਵਾਲੀਆਂ ਕਾਰਵਾਈਆਂ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।
Comments are closed, but trackbacks and pingbacks are open.