ਸਿੱਖ ਜਥੇਬੰਦੀਆਂ ਨੇ ਪਟਿਆਲਾ ਹਿੰਸਾ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ

ਭਾਈਚਾਰੇ ਵਿੱਚ ਕਲੇਸ਼ ਪਾਉਣ ਵਾਲੇ ਲੋਕਾਂ ’ਤੇ ਸਖ਼ਤ ਕਾਰਵਾਈ ਦੀ ਮੰਗ

ਅੰਮ੍ਰਿਤਸਰ – ਪਟਿਆਲਾ ਵਿਖੇ ਵਾਪਰੀ ਘਟਨਾ ਦੇ ਸਬੰਧ ‘ਚ ਨੌਜਵਾਨ ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਤ ਇੱਕ ਵਿਸ਼ੇਸ਼ ਡੈਲੀਗੇਟ ਇਸ ਮਾਮਲੇ ਦੀ ਪੈਰਵਾਈ ਕਰਨ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਿੱਖ ਨੌਜਵਾਨਾਂ ਨਾਲ ਹੋ ਰਹੇ ਅਨਿਆਂ ਖਿਲਾਫ ਚਾਰਾਜੋਈ ਕਰੇ।

ਜਥੇਦਾਰ ਨੂੰ ਸੌਂਪੇ ਪੱਤਰ ‘ਚ ਕਿਹਾ ਗਿਆ ਕਿ ਸਰਕਾਰ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਮਿਸ਼ਨ ਬਣਾਵੇ ਤੇ ਜਾਂਚ ਰਿਪੋਟ ਆਉਣ ਤੱਕ ਸਿੰਘਾਂ ਦੀਆਂ ਗ੍ਰਿਫਤਾਰੀਆਂ ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿੱਖ ਜਥੇਬੰਦੀਆਂ ਮਹਿਸੂਸ ਕਰਦੀਆਂ  ਹਨ ਕਿ ਭਗਵੰਤ ਮਾਨ ਸਰਕਾਰ ਵਲੋਂ ਇਸ ਘਟਨਾ ਤੇ ਸਿੱਖ ਵਿਰੋਧੀ ਕਾਰਵਾਈ 1984 ਵਿੱਚ ਇੰਦਰਾ ਗਾਂਧੀ ਵੱਲੋਂ ਪੰਜਾਬ ਵਿੱਚ ਸਿੱਖਾਂ ਨੂੰ ਕੁਚਲ ਕੇ ਬਾਕੀ ਸਟੇਟਾਂ ਵਿੱਚ ਬਹੁਗਿਣਤੀ ਦੀ ਵੋਟ ਹਾਸਲ ਕਰਨ ਵਾਲੀ ਨੀਤੀ ਦੇ ਤਹਿਤ ਕੀਤੀ ਜਾ ਰਹੀ ਹੈ, ਜੋ ਕਿ ਬੇਹੱਦ ਖਤਰਨਾਕ ਅਤੇ ਸਿੱਖ ਜਵਾਨੀ ਦੇ ਘਾਣ ਵੱਲ ਇਸ਼ਾਰਾ ਕਰਦੀ ਹੈ, ਇਸ ਤੋਂ ਪਹਿਲਾਂ ਕਿ ਸਰਕਾਰ ਆਪਣੇ ਘਟੀਆ ਮਨਸੂਬੇ ਵਿਚ ਕਾਮਯਾਬ ਹੋ ਕੇ ਸਿੱਖ ਜਵਾਨੀ ਦਾ ਕਤਲੇਆਮ ਕਰੇ ਸਾਨੂੰ ਸਾਂਝੇ ਰੂਪ ਵਿਚ ਅਕਾਲ ਤਖਤ ਸਾਹਿਬ ਤੋਂ ਇਸ ਸਾਜਿਸ਼ ਦਾ ਭਾਂਡਾ ਭੰਨਣਾ ਚਾਹੀਦਾ ਹੈ, ਸਰਕਾਰੀ ਤੌਰ ਤੇ ਫੈਲਾਏ ਗਏ ਝੂਠੇ ਬਿਰਤਾਂਤ ਨੂੰ ਤੋੜਨ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬੀਤੀ 29 ਅਪ੍ਰੈਲ ਨੂੰ ਪਟਿਆਲਾ ਵਿਖੇ ਇਕ ਹਿੰਸਕ ਝੜਪ ਹੋਈ ਜਿਸ ਵਿਚ ਪੁਲਿਸ ਨੇ ਗੋਲੀਆਂ ਵੀ ਚਲਾਈਆਂ ਇਕ ਸਿੰਘ ਜਖਮੀਂ ਹੋਇਆ, ਮਾਮੂਲੀ ਝੜਪ ਦਿਸਦੀ ਇਹ ਘਟਨਾ ਅਸਲ ਵਿਚ ਇਕ ਸਾਜ਼ਿਸ਼ ਸੀ ਜਿਸ ਦੇ ਤਹਿਤ ਹਰੀਸ਼ ਸਿੰਗਲੇ ਨਾਮ ਦੇ ਅਖੌਤੀ ਸ਼ਿਵ ਸੈਨਿਕ ਆਗੂ ਵਲੋਂ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਸੱਦਾ ਦੇਂਦਾ ਇਕ ਪੋਸਟਰ ਜਾਰੀ ਕੀਤਾ ਗਿਆ, ਪੋਸਟਰ ਜਾਰੀ ਹੁੰਦਿਆਂ ਹੀ ਸਿੱਖ ਜਥੇਬੰਦੀਆਂ ਵਲੋਂ ਬਰਜਿੰਦਰ ਸਿੰਘ ਪਰਵਾਨਾ ਤੇ ਮਨਜੀਤ ਸਿੰਘ ਰਾਜਪੁਰਾ ਨੇ ਸਰਕਾਰ ਨੂੰ ਇਸ ਅੱਗ ਲਾਊ ਕਾਰਵਾਈ ਰੋਕਣ ਲਈ ਮੰਗ ਪੱਤਰ ਦਿੱਤਾ ਗਿਆ ਤੇ ਪੁਲਿਸ ਵਲੋਂ ਇਸ ਨੂੰ ਰੋਕਣ ਦਾ ਭਰੋਸਾ ਵੀ ਦਿੱਤਾ ਗਿਆ ਪਰ ਰੋਕਣ ਦੀ ਕੋਈ ਅਗਾਊਂ ਕਾਰਵਾਈ ਨਹੀਂ ਕੀਤੀ ਗਈ, ਅਖਬਾਰੀ ਖਬਰ ਅਨੁਸਾਰ ਸਰਕਾਰ ਦੇ ਖੁਫੀਆਂ ਵਿਭਾਗ ਵਲੋਂ ਵੀ ਸਰਕਾਰ ਨੂੰ ਝੜਪ ਦੇ ਖਦਸ਼ੇ ਤੋਂ ਅਗਾਹ ਕੀਤਾ ਗਿਆ ਸੀ, ਪਰ ਸਰਕਾਰ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਵਾਪਰਨ ਦਿੱਤਾ, ਅਖੀਰ ਸਰਕਾਰ ਵਲੋਂ ਅਪਣੀ ਨਾਕਾਮੀਂ ਲੁਕਾਉਣ ਲਈ ਮੁੱਖ ਸਾਜਿਸ਼ਕਰਤਾ ਹਰੀਸ਼ ਸਿੰਗਲੇ ਨੂੰ ਨਰਮ ਧਾਰਾ ਲਾ ਕੇ ਗ੍ਰਿਫਤਾਰ ਕਰ ਲਿਆ।

ਪਰ ਸਰਕਾਰ ਨੇ ਬਹੁਤ ਚਲਾਕੀ ਨਾਲ ਸਾਰੇ ਘਟਨਾਕ੍ਰਮ ਦਾ ਭਾਂਡਾ ਸਿੱਖਾਂ ਸਿਰ ਮੜ੍ਹਨ ਲਈ ਸੰਵਿਧਾਨਕ ਢੰਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਰਚ ਰੋਕਣ ਦਾ ਯਤਨ ਕਰ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ ਮੁੱਖ ਸਾਜਿਸ਼ਘਾੜਾ ਐਲਾਨ ਕਰ ਦਿੱਤਾ। ਇਕ ਵੀਡੀਓ ਵਿਚ ਸਾਫ ਦਿਸ ਰਿਹਾ ਹੈ ਕਿ ਮੰਦਰ ਵਿਚੋਂ ਨਿਕਲ ਕੇ ਇਕ ਭਗਵਾਂਵੇਸ ਧਾਰੀ ਵਲੋਂ ਤਲਵਾਰ ਨਾਲ ਗੁਰਸੇਵਕ ਸਿੰਘ ਭਾਣੇ ਤੇ ਵਾਰ ਕੀਤਾ ਗਿਆ ਜੋ ਉਸ ਨੇ ਡੰਡੇ ਨਾਲ ਰੋਕਿਆ ਪਰ ਸਰਕਾਰ ਨੇ ਇਕ ਪਾਸੜ ਕਾਰਵਾਈ ਕਰਦਿਆਂ ਭਾਈ ਭਾਣੇ ਤੇ ਹੀ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ, ਅਤੇ 307 ਤੇ 153 ਏ ਵਰਗੀਆਂ ਗੰਭੀਰ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਦਕਿ ਸਾਫ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਦੋਵੇਂ ਧਾਰਾ ਦੂਜੀ ਧਿਰ ਤੇ ਲਗਦੀਆਂ ਹਨ ਕਿਉਂਕਿ ਮਾਹੌਲ ਖਰਾਬ ਕਰਨ ਦੀ ਅਤੇ ਹਮਲੇ ਦੀ ਪਹਿਲ ਸਿੰਗਲੇ ਦੀ ਧਿਰ ਵਲੋਂ ਕੀਤੀ ਗਈ ਸੀ ਤੇ ਮੰਦਰ ਨੂੰ ਢਾਲ ਬਣਾ ਕੇ ਹਮਲੇ ਨੂੰ ਅੰਜਾਮ ਦਿੱਤਾ ਗਿਆ। ਸਰਕਾਰ ਵਲੋਂ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਲੁਕਾ ਕੇ ਸਿੱਖ ਕੌਮ ਦੇ ਖਿਲਾਫ ਬਹੁਤ ਵੱਡਾ ਬਿਰਤਾਂਤ ਸਿਰਜਿਆ ਗਿਆ। ਹੋ ਸਕਦਾ ਹੈ ਕਿ ਇਹ ਹਿਮਾਚਲ ਅਤੇ ਗੁਜਰਾਤ ਦੀਆਂ ਹੋ ਰਹੀਆਂ ਚੋਣਾਂ ਦੇ ਵਿਚ ਫਾਇਦੇ ਦੀ ਰਾਜਨੀਤੀ ਤਹਿਤ ਹੋ ਰਿਹਾ ਹੋਵੇ।

ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਲੰਮੇਂ ਸਮੇਂ ਤੋਂ ਇਹ ਵੇਖਣ ਵਿਚ ਆਇਆ ਹੈ ਕਿ ਪੰਜਾਬ ਵਿਚ ਅਖੌਤੀ ਸ਼ਿਵਸੈਨਾ ਦੇ ਆਗੂ ਗੰਨਮੈਨ ਲੈਣ ਦੀ ਤਾਂਘ ਵਿਚ ਸਿੱਖ ਜਜਬਾਤਾਂ ਨਾਲ ਖਿਲਵਾੜ ਕਰਦੇ ਹਨ ਜਾਣਬੁੱਝ ਕੇ ਸਿੱਖਾਂ ਨੂੰ ਵੰਗਾਰਨ ਦੀਆਂ ਕਾਰਵਾਈਆਂ ਕਰਦੇ ਹਨ ਅਤੇ ਗੰਨਮੈਨਾਂ ਦੀ ਆੜ ਵਿਚ ਨਾਜਾਇਜ਼ ਕਾਰੋਬਾਰ ਕਰਦੇ ਹਨ। ਇਸ ਵਰਤਾਰੇ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਆਦੇਸ਼ ਕੀਤਾ ਜਾਵੇ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਿਨਾ ਕਿਸੇ ਨੂੰ ਵੀ ਗੰਨਮੈਨ ਨਾ ਦਿੱਤੇ ਜਾਣ, ਮੌਜੂਦਾ ਸਮੇਂ ਅਖੌਤੀ ਸ਼ਿਵ ਸੈਨਿਕਾਂ ਦੀ ਗਾਰਦ ਵਾਪਸ ਲਈ ਜਾਵੇ ਅਤੇ ਇਹਨਾਂ ਦੀ ਚੱਲ ਅਚੱਲ ਜਾਇਦਾਦ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

ਇਸ ਮੌਕੇ ਭਾਈ ਕਰਨਪ੍ਰੀਤ ਸਿੰਘ ਵੇਰਕਾ, ਭਾਈ ਪ੍ਰਦੀਪ ਸਿੰਘ ਵਲਟੋਹਾ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਲਖਵਿੰਦਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

Comments are closed, but trackbacks and pingbacks are open.