ਗੁਰੂ ਸਾਹਿਬ ਦੇ ਬਾਜ਼ ਦੀ ਅੱਖ ਹੇਠ ਹਜ਼ਾਰ ਵੋਟ ਦੇ ਫ਼ਰਕ ਨਾਲ ਪ੍ਰਬੰਧ ਸੰਭਾਲਿਆ
ਸਾਊਥਾਲ – ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀਆਂ ਹੋਈਆਂ ਚੋਣਾਂ ਵਿੱਚ ਪੰਥਕ ਗਰੁੱਪ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿੱਚ ਇਸ ਵਾਰ ਸਾਊਥਾਲ ਦੇ ਸਾਰੇ ਪੰਥਕ ਸੋਚ ਵਾਲੇ ਗਰੁੱਪਾਂ ਨੇ ਇਕ ਨਿਸ਼ਾਨ ਹੇਠਾਂ ਇਕੱਤਰ ਹੋ ਕੇ ‘ਪੰਥਕ ਗਰੁੱਪ’ ਵਲੋਂ ਹਿੱਸਾ ਲਿਆ ਸੀ ਜਦੋਂ ਕਿ ਦੂਜੇ ਪਾਸੇ ‘ਸ਼ੇਰ ਗਰੁੱਪ’ ਦੇ ਉਮੀਦਵਾਰ ਸਨ।
‘ਪੰਥਕ ਗਰੁੱਪ’ ਦੇ ਹਰੇਕ ਉਮੀਦਵਾਰ ਨੇ ਘੱਟੋ-ਘੱਟ ਇਕ ਹਜ਼ਾਰ ਵੋਟਾਂ ਦੇ ਔਸਤਨ ਫ਼ਰਕ ਨਾਲ ਜਿੱਤ ਹਾਸਲ ਕੀਤੀ ਜਦੋਂ ਕਿ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਨੌਜਵਾਨਾਂ ਨੂੰ ਗੁਰਦੁਆਰਾ ਸੇਵਾ ਸੰਭਾਲ ਦੀ ਚੋਣ ਵਿੱਚ ਸੰਗਤ ਨੇ ਵੱਡਾ ਹੁੰਗਾਰਾ ਦਿੱਤਾ ਹੈ।
ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਚੋਣ ਵਿੱਚ 6715 ਕੁੱਲ ਵੋਟਾਂ ਵਿਚੋਂ 4842 ਵੋਟਾਂ ਪੋਲ ਹੋਈਆਂ। 134 ਵੋਟਾਂ ਸਹੀ ਤਰੀਕੇ ਨਾ ਪਈਆਂ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ।
ਚੋਣ ਨਤੀਜੇ ਦੌਰਾਨ ‘ਪੰਥਕ ਗਰੁੱਪ’ ਵਿੱਚ ਸਭ ਤੋਂ ਵੱਧ 2928 ਵੋਟਾਂ ਹਰਮੀਤ ਸਿੰਘ ਗਿੱਲ ਨੂੰ ਪਈਆਂ ਜਦੋਂ ਕਿ ‘ਸ਼ੇਰ ਗਰੁੱਪ’ ਵਿੱਚ ਸਭ ਤੋਂ ਵੱਧ 1891 ਵੋਟਾਂ ਤਰਨਵੀਰ ਸਿੰਘ ਨੂੰ ਪਈਆਂ ਜਦੋਂਕਿ ਸਭ ਤੋਂ ਘੱਟ ਵੋਟਾਂ ਵਿੱਚ ‘ਪੰਥਕ ਗਰੁੱਪ’ ਵਲੋਂ ਭਜਨ ਸਿੰਘ ਸਿਧਾਣਾ ਨੂੰ 2693 ਅਤੇ ‘ਸ਼ੇਰ ਗਰੁੱਪ’ ਵਿੱਚ ਜੋਗਿੰਦਰਪਾਲ ਸਿੰਘ ਰਾਠੌਰ ਨੂੰ 1665 ਵੋਟਾਂ ਪਈਆਂ।
‘ਪੰਥਕ ਗਰੁੱਪ’ ਦੇ ਪ੍ਰਮੁੱਖ ਸੇਵਾਦਾਰਾਂ ਵਿਚੋਂ ਹਿੰਮਤ ਸਿੰਘ ਸੋਹੀ ਨੇ 2847 ਵੋਟਾਂ ਹਾਸਲ ਕੀਤੀਆਂ ਅਤੇ ਕੁਲਵੰਤ ਸਿੰਘ ਭਿੰਡਰ ਨੂੰ 2915 ਵੋਟਾਂ ਪ੍ਰਾਪਤ ਹੋਈਆਂ।
ਇਸੇ ਤਰ੍ਹਾਂ ‘ਪੰਥਕ ਗਰੁੱਪ’ ਵਲੋਂ ਬੀਬੀਆਂ ਵਿੱਚ ਹਰਪ੍ਰੀਤ ਕੌਰ ਬੈਂਸ, ਤੇਜ ਕੌਰ ਗਰੇਵਾਲ, ਬਲਪ੍ਰੀਤ ਕੌਰ ਅਤੇ ਜਗਦੀਸ਼ ਕੌਰ ਲਾਲ ਨੇ ਵੀ ਘੱਟੋ-ਘੱਟ ਇਕ-ਇਕ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਇਸ ਇਤਿਹਾਸਕ ਫ਼ਤਵੇਂ ਤੋਂ ਬਾਅਦ ‘ਪੰਥਕ ਗਰੁੱਪ’ ਦੇ ਪ੍ਰਮੁੱਖ ਸੇਵਾਦਾਰ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ ਅਤੇ ਹਰਮੀਤ ਸਿੰਘ ਗਿੱਲ ਨੇ ਸਮੂਹ ਸੰਗਤ ਦਾ ਹਾਰਦਿਕ ਧੰਨਵਾਦ ਕਰਦਿਆਂ ਆਖਿਆ ਇਕ ਇਹ ਕਿਸੇ ਗਰੁੱਪ ਦੀ ਜਿੱਤ ਹਾਲ ਦੀ ਚੋਣ ਨਹੀਂ ਸੀ, ਇਹ ਗੁਰਦੁਆਰਾ ਸਾਹਿਬ ਦੀ ਬਿਹਤਰੀਨ ਸੇਵਾ-ਸੰਭਾਲ ਦੀ ਚੋਣ ਸੀ, ਜਿਸ ਵਿੱਚ ‘ਪੰਥਕ ਗਰੁੱਪ’ ਦੀ ਝੋਲੀ ਸੰਗਤ ਨੇ ਸੇਵਾ ਪਾਈ ਹੈ, ਜਿਸ ਵਿੱਚ ‘ਸ਼ੇਰ ਗਰੁੱਪ’ ਅਤੇ ਹੋਰਨਾਂ ਸਾਰੇ ਧੜਿਆਂ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੰਗਤ ਦੀਆਂ ‘ਪੰਥਕ ਗਰੁੱਪ’ ਤੋਂ ਵੱਡੀਆਂ ਆਸਾਂ ਹਨ ਜਿਸ ਕਰਕੇ ਗੁਰਮਤਿ ਅਨੁਸਾਰੀ ਸੇਵਾ-ਸੰਭਾਲ ਅਤੇ ਸਾੳੂਥਾਲ ਦੇ ਸਿੱਖਾਂ ਦੇ ਸਰਬਪੱਖੀ ਹਿੱਤਾਂ ਦੀ ਨੁਮਾਇੰਦਗੀ ਲਈ ‘ਪੰਥਕ ਗਰੁੱਪ’ ਸਦਾ ਤੱਤਪਰ ਰਹੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੇਵਾ-ਸੰਭਾਲ ਇਕ ਵੱਡਾ ਸੰਗਤੀ ਪ੍ਰਬੰਧ ਹੁੰਦਾ ਹੈ, ਜਿਸ ਵਿੱਚ ਹਰੇਕ ਦੇ ਸੁਝਾਅ ਦਾ ਸਵਾਗਤ ਕੀਤਾ ਜਾਵੇਗਾ ਅਤੇ ਗੁਰਮਤਿ ਭਾਵਨਾ ਅਨੁਸਾਰ ਹੀ ਸਾਰੇ ਕਾਰਜ ਕੀਤੇ ਜਾਣਗੇ।
ਇਥੇ ਜ਼ਿਕਰਯੋਗ ਹੈ ਕਿ ਚੋਣ ਵਾਲੇ ਸਥਾਨ ਖਾਲਸਾ ਪ੍ਰਾਇਮਰੀ ਸਕੂਲ ਨੇੜੇ ਇਕ ਘਰ ਵਿੱਚ ਹਿੰਮਤ ਸਿੰਘ ਸੋਹੀ ਬਾਜ਼ ਗਰੁੱਪ ਵਲੋਂ ਸੰਗਤਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਜਾ ਰਹੀ ਸੀ ਜਿੱਥੇ ਗੁਰੂ ਸਾਹਿਬਾਂ ਦਾ ਬਾਜ਼ ਖੁੱਦ ਉਡਾਰੀਆਂ ਮਾਰਦਾ ਰਿਹਾ ਅਤੇ ਸੇਵਾ ਵਾਲੇ ਘਰ ਦੀ ਚਿਮਨੀ ’ਤੇ ਕਰੀਬ 2 ਘੰਟੇ ਬੈਠ ਕੇ ਬਾਜ਼ ਅੱਖ ਰੱਖਦਾ ਰਿਹਾ ਸੀ। ਇਸ ਨੂੰ ਕ੍ਰਿਸ਼ਮਾ ਮੰਨਿਆ ਜਾਵੇ ਜਾਂ ਗੁਰੂ ਸਾਹਿਬ ਦੇ ਮੇਹਰ ਕਿਉਕਿ ਸਿੰਘ ਸਭਾ ਦੇ ਇਤਿਹਾਸ ਵਿੱਚ ਹਾਜ਼ਰ ਵੋਟ ਦਾ ਫ਼ਰਕ ਪਹਿਲੀ ਵਾਰ ਪਿਆ ਹੈ।
ਬਾਜ਼ ਚੋਣ ਨਿਸ਼ਾਨ ਵਾਲੇ ਪੰਥਕ ਗਰੁੱਪ ਦੀ ਸ਼ਾਨਦਾਰ ਜਿੱਤ ’ਤੇ ਸੇਵਾਦਾਰਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਮਨਜੀਤ ਸਿੰਘ ਲਿੱਟ ਕੈਨੇਡਾ, ਕਮਲਜੀਤ ਸਿੰਘ ਹੇਅਰ (ਪ੍ਰਧਾਨ ਜੱਟ ਸਿੱਖ ਕੌਂਸਲ, ਪੰਜਾਬ), ਜਸਵੰਤ ਸਿੰਘ ਗਰੇਵਾਲ (ਉੱਘੇ ਕਾਰੋਬਾਰੀ), ਜਗਤਾਰ ਸਿੰਘ ਧਾਲੀਵਾਲ (ਲੈਸਟਰ), ਸੰਨੀ ਚੌਪੜਾ (ਲੈਸਟਰ), ਸੁਖਦੀਪ ਸਿੰਘ ਦੀਪਾ ਕੰਦੋਲਾ (ਬ੍ਰਮਿੰਘਮ), ਬਿੱਟੂ ਰਾਏ (ਵੁਲਵਰਹੈਂਪਟਨ), ਸਰਦਾਰ ਰਣਜੀਤ ਸਿੰਘ (ਓ.ਬੀ.ਈ.) ਲੰਡਨ, ਸਰਦਾਰ ਸਰਬਜੀਤ ਸਿੰਘ ਵਿਰਕ (ਸਲੋਹ), ਸ. ਜਸਵੰਤ ਸਿੰਘ ਢਿੱਲੋਂ (ਸਲੋਹ) ਸ਼ਾਮਿਲ ਹਨ ਅਤੇ ਇਨ੍ਹਾਂ ਤੋਂ ਇਲਾਵਾ ਕਈ ਵਧਾਈ ਸੰਦੇਸ਼ ਲਗਾਤਾਰ ਮਿਲ ਰਹੇ ਹਨ।
Comments are closed, but trackbacks and pingbacks are open.